ਸਲੋਕ-ਸ਼ੇਖ਼ ਫ਼ਰੀਦ ਜੀ (salok sheikh farid ji in Punjabi)
1. ਸਲੋਕ-ਸ਼ੇਖ਼ ਫ਼ਰੀਦ ਜੀ
ਫਰੀਦਾ ਜਿਨ੍ਹ ਲੋਇਣ ਜਗੁ ਮੋਹਿਆ ਸੇ ਲੋਇਣ ਮੈਂ ਡਿਠੁ ॥ ਕਜਲ ਰੇਖ ਨਾ ਸਹਦਿਆ ਸੇ ਪੰਖੀ ਸੂਇ ਬਹਿਠੁ ॥
ਲੋਇਣ — ਅੱਖਾਂ । ਸੂਇ – ਬੱਚੇ । ਬਹਿਠੁ — ਬੈਠਣ ਦੀ ਥਾਂ
ਵਿਆਖਿਆ — ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਇਸ ਦਿਸਦੀ ਸੁੰਦਰ ਦੁਨਿਆਵੀ ਗੁਲਜ਼ਾਰ ਵਿਚ ਮਸਤ ਜੀਵ ਨੂੰ ਕੁੱਝ ਸੁੱਝਦਾ – ਬੁੱਝਦਾ ਨਹੀਂ । ਉਹ ਬੜਾ ਮਾਣ ਕਰਦਾ ਹੈ । ਪਰ ਮਾਣ ਕਾਹਦਾ ? ਜਿਹੜੀਆਂ ਸੋਹਣੀਆਂ ਅੱਖਾਂ ਨੇ ਜਗਤ ਨੂੰ ਮੋਹ ਰੱਖਿਆ ਸੀ , ਉਹ ਅੱਖਾਂ ਵੀ ਮੈਂ ਵੇਖੀਆਂ ਹਨ , ਜੋ ਪਹਿਲਾਂ ਤਾਂ ਇੰਨੀਆਂ ਨਾਜ਼ੁਕ ਸਨ ਕਿ ਕੌਂਜਲ ਦੀ ਧਾਰ ਨਹੀਂ ਸਨ ਸਹਾਰ ਸਕਦੀਆਂ , ਫਿਰ ਉਹ ਪੰਛੀਆਂ ਦੇ ਬੱਚਿਆਂ ਦਾ ਆਲ੍ਹਣਾ ਬਣ ਗਈਆਂ । ਭਾਵ ਸਾਡੇ ਸਾਹਮਣੇ ਸਰੀਰਕ ਸੁੰਦਰਤਾ ਆਖ਼ਰ ਨਾਸ਼ ਹੋ ਜਾਂਦੀ ਹੈ ਤੇ ਇਸ ਉੱਤੇ ਮਾਣ ਕਰਨਾ ਕੂੜਾ ਹੈ I
2. ਸਲੋਕ-ਸ਼ੇਖ਼ ਫ਼ਰੀਦ ਜੀ
ਫਰੀਦਾ ਖਾਕੁ ਨ ਨਿੰਦੀਐ ਖਾਕੁ ਜੇਡੁ ਨਾ ਕੋਇ ॥ ਜੀਵਦਿਆਂ ਪਰਾਂ ਤਲੈ ਮੋਇਆ ਉਪਰਿ ਹੋਇ ॥
ਖਾਕੂ – ਮਿੱਟੀ । ਜੇਡੁ — ਜਿੰਨਾ ਵੱਡਾ । ਤਲੈ — ਹੇਠ
ਵਿਆਖਿਆ — ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਮਿੱਟੀ ਨੂੰ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਕਿਉਂਕਿ ਮਿੱਟੀ ਜਿੰਨੀ ਮਹਾਨ ਚੀਜ਼ ਤਾਂ ਕੋਈ ਵੀ ਨਹੀਂ । ਜਦੋਂ ਮਨੁੱਖ ਜੀਊਂਦਾ ਹੁੰਦਾ ਹੈ , ਉਦੋਂ ਇਹ ਮਿੱਟੀ ਉਸ ਦੇ ਪੈਰਾਂ ਹੇਠ ਹੁੰਦੀ ਹੈ ਪਰ ਜਦੋਂ ਉਹ ਮਰ ਕੇ ਕਬਰ ਵਿਚ ਚਲਾ ਜਾਂਦਾ ਹੈ , ਤਾਂ ਇਹ ਉਸ ਦੇ ਉੱਪਰ ਰਹਿੰਦੀ ਹੈ । ਇਸ ਪ੍ਰਕਾਰ ਨਿਰਮਾਣ ਤੇ ਗ਼ਰੀਬ ਸੁਭਾ ਦੀ ਰੀਸ ਨਹੀਂ ਤੇ ਅਜਿਹੀ ਅਵਸਥਾ ਵਿਚ ਵਿਚਰਨ ਵਾਲਾ ਮਨੁੱਖ ਮਹਾਨ ਹੁੰਦਾ ਹੈ ।
3. ਸਲੋਕ-ਸ਼ੇਖ਼ ਫ਼ਰੀਦ ਜੀ
ਅਜੁ ਨ ਸੁਤੀ ਕੰਤ ਸਿਉਂ ਅੰਗ ਮੁੜੇ ਮੁੜਿ ਜਾਇ । ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ।
ਕੰਤ – ਪਤੀ । ਅੰਗ ਮੁੜੇ ਮੁੜਿ ਜਾਇ – ਅੰਗਾਂ ਵਿਚ ਵਿਛੋੜੇ ਦੀ ਖਿਚਾ – ਖਿਚੀ ਲੱਗੀ ਰਹੀ । ਡੋਹਾਗਣੀ — ਜਿਸ ਇਸਤਰੀ ਨੂੰ ਪਤੀ ਨੇ ਛੱਡ ਦਿੱਤਾ ਹੋਵੇ । ਰੈਣਿ ਵਿਹਾਇ — ਰਾਤ ਗੁਜ਼ਾਰਦੀ ਹੈ।
ਵਿਆਖਿਆ – ਫ਼ਰੀਦ ਜੀ ਇਸਤਰੀ ਰੂਪ ਵਿਚ ਪਰਮਾਤਮਾ ਦੇ ਬਿਰਹੋਂ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ ਕਿ ਉਹ ਕੇਵਲ ਅੱਜ ਦੀ ਰਾਤ ਹੀ ਆਪਣੇ ਪਤੀ ਨਾਲ ਨਹੀਂ ਸੁੱਤੀ , ਤਾਂ ਵਿਛੋੜੇ ਦੀ ਤੜਫ ਵਿਚ ਉਸ ਦੇ ਸਰੀਰ ਦੇ ਅੰਗਾਂ ਵਿਚ ਇਕ ਭਿਆਨਕ ਖਿਚਾ – ਖਿਚੀ ਲੱਗੀ ਰਹੀ ।ਉਸ ਇਸਤਰੀ ਦਾ ਹਾਲ ਪੁੱਛੋ ਕਿ ਉਸ ਦੀ ਜ਼ਿੰਦਗੀ ਰੂਪੀ ਰਾਤ ਕਿਸ ਤਰ੍ਹਾਂ ਬੀਤਦੀ ਹੈ , ਜਿਸ ਨੇ ਉਸ ਨੂੰ ਕਦੇ ਯਾਦ ਹੀ ਨਹੀਂ ਕੀਤਾ ।
4. ਸਲੋਕ-ਸ਼ੇਖ਼ ਫ਼ਰੀਦ ਜੀ
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ । ਕੂੜਾ ਸਉਦਾ ਕਰ ਗਏ ਗੋਰੀ ਆਇ ਪਏ।
ਮੰਡਪ – ਸ਼ਾਮਿਆਨੇ । ਮਾੜੀਆ — ਚੁਬਾਰਿਆਂ ਵਾਲੇ ਮਕਾਨ , ਮਹੱਲ । ਕੂੜਾ ਸਉਦਾ — ਨਾਲ ਨਾ ਨਿਭਣ ਵਾਲਾ ਸੌਦਾ । ਗੋਰੀ — ਕਬਰਾਂ ਵਿਚ ।
ਵਿਆਖਿਆ — ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਦੇਖੋ , ਘਰ ਦੇ ਮਹੱਲ – ਮਾੜੀਆਂ ਉਸਾਰਨ ਵਾਲੇ ਵੀ ਇਨ੍ਹਾਂ ਨੂੰ ਛੱਡ ਕੇ ਚਲੇ ਗਏ ਹਨ । ਉਨ੍ਹਾਂ ਨੇ ਇਸ ਦੁਨੀਆ ਵਿਚ ਰਹਿ ਕੇ ਸੰਸਾਰਿਕ ਪਦਾਰਥ ਇਕੱਠੇ ਕਰਨ ਦਾ ਉਹੋ ਹੀ ਸੌਦਾ ਕੀਤਾ , ਜੋ ਨਾਲ ਨਾ ਨਿਭਿਆ ਤੇ ਉਹ ਕਬਰਾਂ ਵਿਚ ਜਾ ਪਏ ।
5. ਸਲੋਕ-ਸ਼ੇਖ਼ ਫ਼ਰੀਦ ਜੀ
ਫ਼ਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜ ਵਾਤਿ । ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥
ਕੰਨਿ — ਕੰਧੇ ਉੱਪਰ , ਮੋਢੇ ਉੱਪਰ । ਮੁਸਲਾ — ਨਿਮਾਜ਼ ਪੜ੍ਹਨ ਦੀ ਚਟਾਈ । ਸੂਫੁ — ਕਾਲਾ ਊਨੀ ਕੱਪੜਾ , ਜੋ ਸੂਫ਼ੀ ਦਰਵੇਸ਼ ਪਾਉਂਦੇ ਹਨ । ਕਾਤੀ – ਛੁਰੀ । ਵਾਤਿ — ਮੂੰਹ ਵਿਚ ।
ਵਿਆਖਿਆ – ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਮੈਂ ਪਾਖੰਡ ਕਰਦੇ ਹੋਏ ਮੋਢੇ ਉੱਤੇ ਨਮਾਜ਼ ਪੜ੍ਹਨ ਵਾਲੀ ਸਫ ਰੱਖੀ ਹੋਈ ਹੈ ਤੇ ਗਲ ਸੂਫ਼ ਦੇ ਕੱਪੜੇ ਪਹਿਨੇ ਹੋਏ ਹਨ । ਇਸ ਪਹਿਰਾਵੇ ਨਾਲ ਮੈਂ ਪੂਰਾ ਫ਼ਕੀਰ ਜਾਪਦਾ ਹਾਂ । ਮੇਰੀ ਜ਼ਬਾਨ ਵੀ ਬੜੀ ਮਿੱਠੀ ਹੈ , ਪਰ ਮੇਰਾ ਦਿਲ ਸਾਫ਼ ਨਹੀਂ । ਮੇਰਾ ਦਿਲ ਛੁਰੀਆਂ ਚਲਾਉਂਦਾ ਫਿਰਦਾ ਹੈ । ਅਜਿਹੇ ਪਾਖੰਡ ਭਰੇ ਦਿਖਾਵੇ ਕਰ ਕੇ ਬਾਹਰੋਂ ਤਾਂ ਮੈਂ ਅਜਿਹਾ ਲਗਦਾ ਹਾਂ , ਜਿਵੇਂ ਮੈਨੂੰ ਰੱਬ ਸੰਬੰਧੀ ਬੜਾ ਗਿਆਨ ਹੋਵੇ , ਪਰ ਅਸਲ ਵਿਚ ਮੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੈ ।
6. ਸਲੋਕ-ਸ਼ੇਖ਼ ਫ਼ਰੀਦ ਜੀ
ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ । ਦਰਵੇਸ਼ਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ।
ਚਾਕਰੀ — ਨੌਕਰੀ , ਬੰਦਗੀ । ਭਰਾਂਦਿ — ਭਰਮ , ਭਟਕਣਾ । ਦਰਵੇਸ਼ਾਂ ਨੋ – ਫ਼ਕੀਰਾਂ ਨੂੰ।
ਵਿਆਖਿਆ – ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਹੇ ਮਨੁੱਖ ! ਤੂੰ ਪਰਮਾਤਮਾ ਦੀ ਹਸਤੀ ਬਾਰੇ ਸਾਰੇ ਭਰਮ ਦਿਲ ਵਿਚੋਂ ਕੱਢ ਕੇ ਉਸ ਦਾ ਚਾਕਰ ਬਣ ਜਾ ਅਰਥਾਤ ਉਸ ਦੀ ਬੰਦਗੀ ਕਰਨ ਵਿਚ ਜੁੱਟ ਜਾ। ਫ਼ਕੀਰਾਂ ਨੂੰ ਪਰਮਾਤਮਾ ਦੀ ਬੰਦਗੀ ਕਰਦਿਆਂ ਰੁੱਖਾਂ ਵਰਗਾ ਸਬਰ ਤੇ ਜਿਗਰਾ ਰੱਖਣਾ ਚਾਹੀਦਾ ਹੈ।
7. ਸਲੋਕ-ਸ਼ੇਖ਼ ਫ਼ਰੀਦ ਜੀ
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥
ਉਜੂ ਸਾਜਿ — ਮੂੰਹ ਹੱਥ ਧੋ । ਸੁਬਹ – ਸਵੇਰੇ ਦੀ ।ਨਿਵਾਜ ਗੁਜਾਰਿ — ਨਿਮਾਜ ਪੜ੍ਹ ।ਕਪਿ — ਕੱਟ ਕੇ।
ਵਿਆਖਿਆ — ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਹੇ ਇਨਸਾਨ ! ਉੱਠ ਮੂੰਹ – ਹੱਥ ਧੋ ਤੇ ਸਵੇਰ ਦੀ ਨਿਮਾਜ਼ ਪੜ੍ਹ ।ਜੋ ਸਿਰ ਮਾਲਕ – ਰੱਬ ਅੱਗੇ ਨਹੀਂ ਨਿਵਦਾ , ਉਸ ਨੂੰ ਕੱਟ ਕੇ ਲਾਹ ਦੇਹ । ਅਜਿਹੇ ਸਿਰ ਨੂੰ ਵਿਅਰਥ ਸਮਝਣਾ ਚਾਹੀਦਾ ਹੈ ।
8. ਸਲੋਕ-ਸ਼ੇਖ਼ ਫ਼ਰੀਦ ਜੀ
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ । ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥ ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥ ਜਿੰਨਾ ਨੈਣ ਨੀਂਦ੍ਰਾਵਲੇ ਤਿੰਨਾ ਮਿਲਣੁ ਕੁਆਉ ॥
ਕਥੂਰੀ – ਕਸਤੂਰੀ । ਭਾਉ — ਹਿੱਸਾ । ਨੀਂਦ੍ਰਾਵਲੇ – ਨੀਂਦ ਨਾਲ ਘੁੱਟੇ ਹੋਏ । ਮਿਲਣ – ਮੇਲ , ਪ੍ਰਾਪਤੀ । ਕੁਆਉ–ਕਿੱਥੋਂ ? ਕਿਵੇਂ ?
ਵਿਆਖਿਆ – ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਇਸ ਸੰਸਾਰ ਤੋਂ ਤੁਰਨ ਦੀ ਤਿਆਰੀ ਰਾਤ ਨੂੰ ਹੀ ਹੋ ਸਕਦੀ ਹੈ । ਰਾਤ ਦੀ ਇਕਾਂਤ ਵਿਚ ਕਸਤੂਰੀ ਵੰਡੀ ਜਾਂਦੀ ਹੈ ਅਰਥਾਤ ਰਾਤ ਦੀ ਇਕਾਂਤ ਵੇਲੇ ਭਜਨ ਦੀ ਸੁਗੰਧੀ ਪੈਦਾ ਹੁੰਦੀ ਹੈ । ਜੋ ਸੁੱਤੇ ਰਹਿਣ ਉਨ੍ਹਾਂ ਨੂੰ ਇਸ ਵਿਚੋਂ ਹਿੱਸਾ ਨਹੀਂ ਮਿਲਦਾ । ਜਿਨ੍ਹਾਂ ਦੀਆਂ ਅੱਖਾਂ ਸਾਰੀ ਰਾਤ ਨੀਂਦ ਵਿਚ ਘੁੱਟੀਆਂ ਰਹਿਣ , ਉਨ੍ਹਾਂ ਨੂੰ ਨਾਮ ਦੀ ਕਸਤੂਰੀ ਦੀ ਪ੍ਰਾਪਤੀ ਨਹੀਂ ਹੋ ਸਕਦੀ ।
9. ਸਲੋਕ-ਸ਼ੇਖ਼ ਫ਼ਰੀਦ ਜੀ
ਆਪੁ ਸਵਾਰਹਿ ਮੈ ਮਿਲਿਹਿ ਮੈ ਮਿਲਿਆ ਸੁਖੁ ਹੋਇ । ਫ਼ਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥
ਆਪੁ – ਆਪਣੇ ਆਪ ਨੂੰ ।ਮੈ — ਮੈਨੂੰ ।
ਵਿਆਖਿਆ – ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਸੰਸਾਰ ਵਿਚ ਮੌਤ ਦੇ ਵਰਤਾਰੇ ਨੂੰ ਦੇਖ ਕੇ ਡਰੇ ਹੋਏ ਜੀਵ ਨੂੰ ਰੱਬ ਵਲੋਂ ਧੀਰਜ ਮਿਲਦੀ ਹੈ ਕਿ ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ , ਤਾਂ ਤੂੰ ਮੈਨੂੰ ਮਿਲ ਪਵੇਗਾ ਤੇ ਮੇਰੇ ਨਾਲ ਜੁੜਿਆਂ ਹੀ ਤੈਨੂੰ ਸੁਖ ਪ੍ਰਾਪਤ ਹੋ ਸਕਦਾ ਹੈ । ਦੁਨੀਆ ਦੇ ਪਦਾਰਥਾਂ ਵਲ ਜੁੜਨ ਨਾਲ ਤੈਨੂੰ ਸੁਖ ਪ੍ਰਾਪਤ ਨਹੀਂ ਹੋ ਸਕਦਾ । ਜੇ ਤੂੰ ਸੰਸਾਰਿਕ ਪਦਾਰਥਾਂ ਦਾ ਪਿਆਰ ਛੱਡ ਕੇ ਮੇਰੇ ਨਾਲ ਪਿਆਰ ਕਰਨ ਲੱਗ ਪਵੇਂ , ਤਾਂ ਸਾਰਾ ਸੰਸਾਰ ਹੀ ਤੇਰਾ ਬਣ ਜਾਵੇਗਾ ।
10. ਸਲੋਕ-ਸ਼ੇਖ਼ ਫ਼ਰੀਦ ਜੀ
ਫ਼ਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ । ਕੋਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ । ਬਾਜ ਪਏ ਤਿਸੁ ਰੱਬ ਦੇ ਕੇਲਾਂ ਵਿਸਰੀਆਂ । ਜੋ ਮਨਿ ਚਿਤਿ ਨਾ ਚੇਤੇ ਸਨਿ ਸੋ ਗਾਲੀ ਰੱਬ ਕੀਆਂ ।
ਕੰਨੈ – ਕੰਢੇ ਤੇ । ਕੇਲ – ਕਲੋਲ ।ਹੰਝ — ਹੰਸ ਵਰਗਾ ਚਿੱਟਾ ਸੋਹਣਾ ਬਗਲਾ । ਅਚਿੰਤੇ – ਅਚਨਚੇਤ । ਤਿਸੁ – ਬਗਲੇ ਨੂੰ ।ਵਿਸਰੀਆਂ – ਭੁੱਲ ਗਈਆਂ । ਮਨਿ — ਮਨ ਵਿਚ । ਚੇਤੇ ਸਨਿ — ਖ਼ਿਆਲ ਵਿਚ ਸਨ । ਗਾਲੀ – ਗੱਲਾਂ ।
ਵਿਆਖਿਆ – ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਬੰਦਾ ਸੰਸਾਰ ਦੇ ਰੰਗਾਂ – ਤਮਾਸ਼ਿਆਂ ਵਿਚ ਇਸ ਤਰ੍ਹਾਂ ਮਸਤ ਹੈ , ਜਿਵੇਂ ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗਲਾ ਕਲੋਲਾਂ ਕਰਦਾ ਹੈ । ਜਿਵੇਂ ਕਲੋਲਾਂ ਕਰਦੇ ਉਸ ਹੰਸ ਵਰਗੇ ਚਿੱਟੇ ਸੋਹਣੇ ਬਗਲੇ ਨੂੰ ਮਾਰਨ ਲਈ ਅਚਨਚੇਤ ਬਾਜ਼ ਆ ਪੈਂਦੇ ਹਨ , ਤਿਵੇਂ ਬੰਦੇ ਨੂੰ ਮੌਤ ਦੇ ਦੂਤ ਆ ਫੜਦੇ ਹਨ ।ਜਦੋਂ ਉਸ ਬਗਲੇ ਨੂੰ ਬਾਜ਼ ਪੈਂਦੇ ਹਨ , ਤਾਂ ਉਹ ਸਾਰੇ ਕਲੋਲ ਭੁੱਲ ਜਾਂਦਾ ਹੈ ਤੇ ਉਸਨੂੰ ਕੇਵਲ ਆਪਣੀ ਜਾਨ ਦੀ ਪੈ ਜਾਂਦੀ ਹੈ , ਇੰਞ ਹੀ ਬੰਦੇ ਨੂੰ ਜਦੋਂ ਮੌਤ ਦਾ ਖ਼ਤਰਾ ਪੈਦਾ ਹੁੰਦਾ ਹੈ , ਉਦੋਂ ਉਹ ਸਾਰੇ ਰੰਗ – ਤਮਾਸ਼ੇ ਭੁੱਲ ਜਾਂਦਾ ਹੈ ਕਿਉਂਕਿ ਜੋ ਗੱਲਾਂ ਮਨੁੱਖ ਦੇ ਚਿੱਤ ਚੇਤੇ ਵੀ ਨਹੀਂ ਹੁੰਦੀਆਂ , ਰੱਬ ਉਹ ਕਰ ਦਿੰਦਾ ਹੈ ।
ਹੋਰ ਦੇਖੋ – ਸਲੋਕ-ਸ਼ੇਖ਼ ਫ਼ਰੀਦ ਜੀ