ਖੁਰਾਸਾਨ ਖਸਮਾਨਾ-ਗੁਰੂ ਨਾਨਕ ਦੇਵ ਜੀ (khurasan khasmana by Guru Nanak Dev ji)
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ । ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜ੍ਹਾਇਆ । ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨ ਆਇਆ ।
ਖੁਰਾਸਾਨ – ਈਰਾਨ ਦੇ ਪੂਰਬ ਤੇ ਅਫ਼ਗਾਨਿਸਤਾਨ ਦੇ ਪੱਛਮ ਵਲ ਦਾ ਦੇਸ , ਜਿਸ ਵਿਚ ਹਰਾਤ ‘ ਤੇ ਮਸ਼ਹਦ ਪ੍ਰਸਿੱਧ ਨਗਰ ਹਨ । ਹਿੰਦੁਸਤਾਨ ਦੇ ਲੋਕ ਸਿੰਧ ਦਰਿਆ ਦੇ ਪੱਛਮ ਵਲ ਦੇ ਦੇਸ਼ਾਂ ਨੂੰ ਖੁਰਾਸਾਨ ਹੀ ਦਿੰਦੇ ਹਨ ।(ਖੁਰਾਸਾਨ ਖਸਮਾਨਾ) ਖਸਮਾਨਾ – ਅਧੀਨ ਕਰ ਕੇ । ਆਪੋ – ਆਪਣੇ ਆਪ ਨੂੰ । ਕਰਤਾ – ਕਰਤਾਰ । ਮੁਗਲੂ – ਬਾਬਰ । ਏਤੀ – ਇਤਨੀ । ਕੁਰਲਾਣੈ— ਪੁਕਾਰ ਉੱਠੇ ।ਦਰਦ — ਦੁੱਖ , ਤਰਸ । (ਖੁਰਾਸਾਨ ਖਸਮਾਨਾ)
ਵਿਆਖਿਆ — ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ ਕਿ ਖੁਰਾਸਾਨ ਨੂੰ ਅਧੀਨ ਕਰਨ ਪਿੱਛੋਂ ਮੁਗ਼ਲ ਹਮਲਾਵਰ ਬਾਬਰ ਨੇ ਹਿੰਦੁਸਤਾਨ ਉੱਤੇ ਆਪਣੇ ਹਮਲੇ ਦਾ ਸਹਿਮ ਪਾ ਦਿੱਤਾ । ਜਿਹੜੇ ਲੋਕ ਆਪਣੇ ਫ਼ਰਜ਼ਾਂ ਨੂੰ ਭੁੱਲ ਕੇ ਰੰਗ – ਰਲੀਆਂ ਵਿਚ ਪੈ ਜਾਂਦੇ ਹਨ , ਉਨ੍ਹਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ । ਇਸ ਬਾਰੇ ਕਰਤਾਰ ਉੱਤੇ ਇਤਰਾਜ਼ ਨਹੀਂ ਆਉਣਾ ਚਾਹੀਦਾ । ਇਸ ਕਰਕੇ ਭਾਰਤ ਵਿਚ ਆਪਣੇ ਫ਼ਰਜ਼ਾਂ ਨੂੰ ਭੁਲਾ ਕੇ ਵਿਕਾਰਾਂ ਵਿਚ ਮਸਤ ਹੋਏ ਪਠਾਣ ਹਾਕਮਾਂ ਨੂੰ ਸਜ਼ਾ ਦੇਣ ਲਈ ਕਰਤਾਰ ਨੇ ਮੁਗ਼ਲ ਹਮਲਾਵਰ ਬਾਬਰ ਨੂੰ ਜਮਰਾਜ ਬਣਾ ਕੇ ਹਿੰਦੁਸਤਾਨ ਉੱਤੇ ਚੜ੍ਹਾ ਦਿੱਤਾ ।
ਪਰ ਹੇ ਕਰਤਾਰ ! ਉਨ੍ਹਾਂ ਨੂੰ ਇੰਨੀ ਬੇਰਹਿਮੀ ਨਾਲ ਮਾਰ ਪਈ ਕਿ ਉਹ ਕੁਰਲਾ ਉੱਠੇ । ਹੇ ਪ੍ਰਭੂ ! ਕੀ ਇੰਨਾ ਜ਼ੁਲਮ ਹੁੰਦਾ ਵੇਖ ਕੇ ਤੈਨੂੰ ਉਨ੍ਹਾਂ ਉੱਤੇ ਤਰਸ ਨਹੀਂ ਆਇਆ ? ਤੂੰ ਵੀ ਉਨ੍ਹਾਂ ਉੱਪਰ ਕੋਈ ਰਹਿਮ ਨਹੀਂ ਕੀਤਾ ਤੇ ਉਨ੍ਹਾਂ ਉੱਪਰ ਬਾਬਰ ਦਾ ਜ਼ੁਲਮ ਢਹਿਣ ਦਿੱਤਾ ?
ਕਰਤਾ ਤੂੰ ਸਭਨਾ ਕਾ ਸੋਈ । ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ।
ਸਕਤਾ ਸੀਹੁ ਮਾਰੇ ਪੈ ਵੱਗੋ , ਖਸਮੈ ਸਾ ਪੁਰਸਾਈ । ਰਤਨ ਵਿਗਾੜਿ ਵਿਗੋਏ ਕੁਤੀਂ , ਮੁਇਆ ਸਾਰ ਨ ਕਾਇ।
ਕਰਤਾ – ਕਰਤਾਰ । ਸੋਈ — ਸਾਰ ਲੈਣ ਵਾਲਾ । (ਖੁਰਾਸਾਨ ਖਸਮਾਨਾ) ਸਕਤਾ — ਤਗੜਾ । ਰੋਸ – ਗਿਲਾ । ਸੀਹੁ – ਸ਼ੇਰ । ਪੈ — ਹੱਲਾ ਕਰ ਕੇ । ਵੱਗੈ — ਗਾਈਆਂ ਦਾ ਵੱਗ , ਨਿਹੱਥੇ ਤੇ ਗ਼ਰੀਬ ।(ਖੁਰਾਸਾਨ ਖਸਮਾਨਾ) ਖਸਮੈ — ਮਾਲਕ ਤੋਂ । ਪੁਰਸਾਈ – ਪੁੱਛ – ਗਿਛ । ਰਤਨ – ਰਤਨਾਂ ਵਰਗੇ ਇਸਤਰੀਆਂ – ਮਰਦ । ਵਿਗਾੜਿ – ਵਿਗਾੜ ਕੇ । ਵਿਗੋਏ – ਨਾਸ਼ ਕੀਤੇ । ਕੁਤੀਂ – ਮੁਗ਼ਲਾਂ ਨੇ । ਸਾਰ — ਖ਼ਬਰ । (ਖੁਰਾਸਾਨ ਖਸਮਾਨਾ)
ਵਿਆਖਿਆ — ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ , ਹੇ । ਪ੍ਰਭੂ ਤੂੰ ਸਾਰੇ ਜੀਆਂ ਦੀ ਸਾਰ ਲੈਣ ਵਾਲਾ ਹੈਂ । ਜੇਕਰ ਕੋਈ ਜ਼ੋਰਾਵਰ ਵਿਅਕਤੀ ਜ਼ੋਰਾਵਰ ਦੀ ਮਾਰ – ਕੁਟਾਈ ਕਰੇ , ਤਾਂ ਵੇਖਣ ਵਾਲਿਆਂ ਦੇ ਮਨ ਵਿਚ ਕੋਈ ਗੁੱਸਾ ਨਹੀਂ ਹੁੰਦਾ ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੀਆਂ ਹਨ , ਪਰ ਜੇਕਰ ਕੋਈ ਸ਼ੇਰ ਵਰਗਾ ਜ਼ੋਰਾਵਰ ਗਾਈਆਂ ਵਰਗੇ ਕਮਜ਼ੋਰਾਂ ਅਤੇ ਨਿਹੱਥਿਆਂ ਉੱਤੇ ਹੱਲਾ ਕਰ ਕੇ ਮਾਰਨ ਪਏ , ਤਾਂ ਇਸ ਦੀ ਪੁੱਛ – ਗਿਛ ਉਸ ਦੇ ਮਾਲਕ ਨੂੰ ਹੀ ਹੁੰਦੀ ਹੈ ।
ਇਸ ਕਰਕੇ , ਹੇ ਪ੍ਰਭੂ ! ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ ਕਿ ਨਿਮਾਣੀ ਤੇ ਨਿਹੱਥੀ ਭਾਰਤੀ ਜਨਤਾ ਉੱਪਰ ਬਾਬਰ ਦਾ ਜ਼ੁਲਮ ਉਸ ਦੇ ਕਿਸ ਜ਼ੁਲਮ ਦਾ ਫਲ ਸੀ ? ਜਿਵੇਂ ਕੁੱਤਿਆਂ ਨੂੰ ਵੇਖ ਕੇ ਓਪਰੇ ਕੁੱਤੇ ਬਰਦਾਸ਼ਤ ਨਹੀਂ ਕਰ ਸਕਦੇ ਤੇ ਉਨ੍ਹਾਂ ਨੂੰ ਪਾੜ ਖਾਂਦੇ ਹਨ , ਇਸੇ ਪ੍ਰਕਾਰ ਮਨੁੱਖਾਂ ਨੂੰ ਪਾੜ ਖਾਣ ਵਾਲੇ ਇਨ੍ਹਾਂ ਮੁਗ਼ਲਾਂ ਨੇ ਤੇਰੇ ਬਣਾਏ ਸੋਹਣੇ ਬੰਦਿਆਂ ਨੂੰ ਮਾਰ – ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ ਤੇ ਮਰੇ ਪਿਆਂ ਦੀ ਕੋਈ ਸਾਰ ਵੀ ਨਹੀਂ ਲੈਂਦਾ ।
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ਜੋ ਕੋ ਨਾਉ ਧਰਾਏ ਵੱਡਾ, ਸਾਦੁ ਕਹੇ ਮਨਿ ਭਾਣੇ । ਖ਼ਸਮੈ ਨਦਰੀ ਕੀੜਾ ਆਵੈ ਜੇਤੇ ਚੁਗੇ ਦਾਣੇ । ਮਹਿ ਮਰਿ ਜੀਵੈ ਤਾਂ ਕਿਛੁ ਪਾਏ ਨਾਨਕ ਨਾਮੁ ਵਖਾਣੇ ।
ਜੋੜ – ਜੋੜ ਕੇ । ਵੇਖ — ਹੇ ਪ੍ਰਭੂ । ਸਾਦੁ – ਰੰਗ – ਰਲੀਆਂ । ਮਨਿ – ਮਨ ਵਿਚ । ਭਾਣੇ — ਭਾਉਂਦੇ । ਖ਼ਸਮੈ ਨਦਰੀ – ਰੱਬ ਦੀ ਨਜ਼ਰ ਵਿਚ । ਜੈਤੋ — ਜਿਤਨੇ । ਮਰਿ – ਮਰਿ – ਆਪਣੇ ਆਪ ਨੂੰ ਵਿਕਾਰਾਂ ਵਲੋਂ ਹਟਾ ਕੇ । ਵਖਾਣੇ – ਸਿਮਰਦਾ ਹੈ । (ਖੁਰਾਸਾਨ ਖਸਮਾਨਾ-ਗੁਰੂ ਨਾਨਕ ਦੇਵ ਜੀ)
ਵਿਆਖਿਆ – ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ, ‘ਹੇ ਪਰਮਾਤਮਾ ! ਤੂੰ ਆਪ ਹੀ ਜੀਵਾਂ ਦੇ ਆਪਸ ਵਿਚ ਸੰਬੰਧ ਜੋੜਦਾ ਹੈਂ ਅਤੇ ਆਪ ਹੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਉਹਨਾਂ ਨੂੰ ਇਕ ਦੂਜੇ ਨਾਲੋਂ ਵਿਛੋੜਦਾ ਹੈਂ । ਇਹ ਹੀ ਤੇਰੀ ਤਾਕ ਦਾ ਕ੍ਰਿਸ਼ਮਾ ਹੈ ।
ਹਕੂਮਤ ਤੇ ਧਨ – ਪਦਾਰਥ ਆਦਿ ਦੇ ਨਸ਼ੇ ਵਿਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਆਪਣੀ ਆਕੜ ਵਿਖਾ – ਵਿਖਾ ਕੇ ਹੋਰਨਾਂ ਨੂੰ ਦੁੱਖ ਦਿੰਦਾ ਹੈ, ਪਰ ਉਹ ਇਹ ਨਹੀਂ ਸਮਝਦਾ ਕਿ ਜੇ ਕੋਈ ਆਦਮੀ ਆਪਣਾ ਨਾਂ ਵੱਡਾ ਅਖਵਾ ਲਵੇ ਤੇ ਮਨ – ਭਾਉਂਦੇ ਸੁਆਦ ਚਖੇ ਤੇ ਮਾਣੇ, ਤਾਂ ਵੀ ਪਰਮਾਤਮਾ ਦੀ ਨਜ਼ਰ ਵਿਚ ਇਕ ਕੀੜਾ ਹੀ ਹੈ, ਜੋ ਗੰਦ – ਮੰਦ ਵਿਚੋਂ ਦਾਣੇ ਚੁਗ – ਚੁਗ ਕੇ ਨਿਰਬਾਹ ਕਰ ਰਿਹਾ ਹੋਵੇ ।
ਅਜਿਹਾ ਵਿਅਕਤੀ ਹਉਮੈਂ ਦੀ ਬਦਮਸਤੀ ਵਿਚ ਮਨੁੱਖਾ ਜਨਮ ਨੂੰ ਅਜਾਈਂ ਹੀ ਗੁਆ ਲੈਂਦਾ ਹੈ । ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ ਕਿ ਜਿਹੜਾ ਵਿਅਕਤੀ ਹਉਮੈਂ ਵਲੋਂ ਆਪੇ ਨੂੰ ਮਾਰ ਕੇ ਜਿਊਂਦਾ ਹੈ ਅਤੇ ਪ੍ਰਭੂ ਦੇ ਨਾਮ ਨੂੰ ਯਾਦ ਕਰਦਾ ਹੈ, ਉਹ ਹੀ ਇੱਥੋਂ ਕੁੱਝ ਪ੍ਰਾਪਤ ਕਰਦਾ ਹੈ ।
ਹੋਰ ਪੜ੍ਹੋ-
- ਸਲੋਕ – ਸ਼ੇਖ਼ ਫ਼ਰੀਦ ਜੀ
- ਮੋਰੀ ਰੁਣਝੁਣ – ਗੁਰੂ ਨਾਨਕ ਦੇਵ ਜੀ
- ਗਗਨ ਮੈ ਥਾਲੁ – ਗੁਰੂ ਨਾਨਕ ਦੇਵ ਜੀ
- ਚੇਤੁ ਬਸੰਤੁ ਭਲਾ – ਗੁਰੂ ਨਾਨਕ ਦੇਵ ਜੀ
Excellent,