ਗੁਰੂ ਨਾਨਕ ਦੇਵ ਜੀ ਲੇਖ ਪੰਜਾਬੀ: ਸਿੱਖ ਪੰਥ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੀ ਗਣਨਾ ਸੰਸਾਰ ਦੇ ਮਹਾਂਪੁਰਸ਼ਾਂ ਵਿਚ ਕੀਤੀ ਜਾਂਦੀ ਹੈ । ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਦੇ ਹਨ੍ਹੇਰੇ ਵਿਚ ਭਟਕ ਰਹੀ ਮਨੁੱਖਤਾ ਨੂੰ ਗਿਆਨ ਦਾ ਰਸਤਾ ਦਿਖਾਇਆ । ਉਨ੍ਹਾਂ ਨੇ ਲੋਕਾਂ ਨੂੰ ਨਾਮ ਜੱਪਣ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ।
ਗੁਰੂ ਨਾਨਕ ਦੇਵ ਜੀ ਦਾ ਲੇਖ [Essay on Guru Nanak dev ji in Punjabi]
ਗੁਰੂ ਨਾਨਕ ਦੇਵ ਜੀ ਦਾ ਇਤਿਹਾਸ (ਸਾਖੀ ਗੁਰੂ ਨਾਨਕ ਦੇਵ ਜੀ)
ਗੁਰੂ ਨਾਨਕ ਦੇਵ ਜੀ ਦੇ ਮਹਾਨ ਜੀਵਨ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-
ਜਨਮ ਤੇ ਮਾਤਾ – ਪਿਤਾ
ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ , 1469 ਈ : ਨੂੰ ਪੂਰਨਮਾਸ਼ੀ ਵਾਲੇ ਦਿਨ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ । ਇਹ ਸਥਾਨ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲ੍ਹਾ ਵਿਚ ਸਥਿਤ ਹੈ । ਇਸ ਪਵਿੱਤਰ ਸਥਾਨ ਨੂੰ ਅੱਜ – ਕਲ੍ਹ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਂ ਤ੍ਰਿਪਤਾ ਦੇਵੀ ਸੀ । ਸਿੱਖ ਪਰੰਪਰਾਵਾਂ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਅਨੇਕਾਂ ਚਮਤਕਾਰ ਹੋਏ । ਭਾਈ ਗੁਰਦਾਸ ਜੀ ਲਿਖਦੇ ਹਨ –
ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣ ਹੋਆ ।। ਜਿਉ ਕਰ ਸੂਰਜ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ॥
ਪੂਰਾ ਨਾਂ | ਗੁਰੂ ਨਾਨਕ ਦੇਵ ਜੀ |
ਜਨਮ ਮਿਤੀ | 15 ਅਪਰੈਲ , 1469 ਈ : |
ਜਨਮ ਸਥਾਨ | ਰਾਇ ਭੋਇ ਦੀ ਤਲਵੰਡੀ ਵਿਖੇ (ਹੁਣ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲ੍ਹਾ) |
ਮਾਤਾ ਦਾ ਨਾਂ | ਤ੍ਰਿਪਤਾ ਦੇਵੀ |
ਪਿਤਾ ਦਾ ਨਾਂ | ਮਹਿਤਾ ਕਾਲੂ |
ਵਿਆਹ | ਬਟਾਲਾ ਨਿਵਾਸੀ ਮੂਲਚੰਦ ਦੀ ਸਪੁੱਤਰੀ ਸੁਲੱਖਣੀ ਜੀ (ਉਮਰ 14 ਵਰ੍ਹਿਆਂ ਦੀ ਉਮਰ ਵਿੱਚ) |
ਸੁਲਤਾਨਪੁਰ ਲੋਧੀ ਵਿਚ ਨੌਕਰੀ | 20 ਵਰ੍ਹਿਆਂ ਦੀ ਉਮਰ ਵਿੱਚ |
ਸੱਚੇ ਗਿਆਨ ਦੀ ਪ੍ਰਾਪਤੀ | 1499 ਈ : ਵਿਚ (ਉਮਰ 30 ਵਰ੍ਹਿਆਂ ਦੀ ਵਿੱਚ ) |
ਉਦਾਸੀਆਂ | 4 |
ਯਾਤਰਾਵਾਂ ਵਿਚ ਬਿਤਾਏ ਵਰ੍ਹੇ | 21 ਸਾਲ |
ਕਰਤਾਰਪੁਰ ਦੀ ਸਥਾਪਨਾ | 1521 ਈ : ਵਿਚ ਰਾਵੀ ਦਰਿਆ ਦੇ ਕਿਨਾਰੇ |
ਸ਼ਬਦਾਂ ਦੀ ਰਚਨਾ | 976 |
ਪ੍ਰਮੁੱਖ ਬਾਣੀਆਂ ਦੇ ਨਾਂ | ਜਪੁਜੀ , ਵਾਰ ਮਾਝ , ਆਸਾ ਦੀ ਵਾਰ , ‘ ਸਿੱਧ ਗੋਸ਼ਟਿ , ਵਾਰ ਮਲਹਾਰ , ਬਾਰਹਮਾਹ ਅਤੇ ਪੱਟੀ ਆਦਿ |
ਜੋਤੀ – ਜੋਤ ਸਮਾਉਏ | 22 ਸਤੰਬਰ , 1539 ਈ : ਨੂੰ ਕਰਤਾਰਪੁਰ ਵਿਖੇ |
ਉੱਤਰਾਧਿਕਾਰੀ ਨਿਯੁਕਤ ਕੀਤਾ | ਭਾਈ ਲਹਿਣਾ ਜੀ ਨੂੰ |
ਬਚਪਨ ਤੇ ਸਿੱਖਿਆ
ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਬੜੇ ਗੰਭੀਰ ਅਤੇ ਵਿਚਾਰਸ਼ੀਲ ਸੁਭਾਅ ਦੇ ਸਨ । ਉਨ੍ਹਾਂ ਦਾ ਝੁਕਾਅ ਖੇਡਾਂ ਵੱਲ ਘੱਟ ਅਤੇ ਪਰਮਾਤਮਾ ਦੀ ਭਗਤੀ ਵੱਲ ਜ਼ਿਆਦਾ ਸੀ । ਗੁਰੂ ਜੀ ਜਦੋਂ ਸੱਤ ਵਰ੍ਹਿਆਂ ਦੇ ਹੋਏ ਤਾਂ ਉਨ੍ਹਾਂ ਨੂੰ ਪੰਡਤ ਗੋਪਾਲ ਦੀ ਪਾਠਸ਼ਾਲਾ ਵਿਚ ਹਿੰਦੀ ਅਤੇ ਗਣਿਤ ਦੀ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਗਿਆ । ਇਸ ਤੋਂ ਬਾਅਦ ਗੁਰੂ ਜੀ ਨੇ ਪੰਡਤ ਬ੍ਰਿਜਨਾਥ ਤੋਂ ਸੰਸਕ੍ਰਿਤ ਅਤੇ ਮੌਲਵੀ ਕੁਤਬਦੀਨ ਤੋਂ ਫ਼ਾਰਸੀ ਅਤੇ ਅਰਬੀ ਦਾ ਗਿਆਨ ਹਾਸਲ ਕੀਤਾ ।
ਜਦੋਂ ਗੁਰੂ ਨਾਨਕ ਦੇਵ ਜੀ 9 ਵਰ੍ਹਿਆਂ ਦੇ ਹੋਏ ਤਾਂ ਪੁਰੋਹਿਤ ਹਰਦਿਆਲ ਨੇ ਉਨ੍ਹਾਂ ਨੂੰ ਜਨੇਊ ਪਹਿਨਾਉਣ ਲਈ ਬੁਲਾਇਆ ।
ਗੁਰੂ ਨਾਨਕ ਦੇਵ ਜੀ ਦੀ ਜਨਮ – ਪੱਤ੍ਰੀ (ਉਹ ਕਾਗ਼ਜ਼ ਹੁੰਦਾ ਹੈ ਜਿਸ ਉੱਤੇ ਕਿਸੇ ਦੇ ਜਨਮ ਸਮੇ ਦੇ ਦਿਨ, ਥਿਤ, ਸਾਲ, ਯੋਗ ਕਰਣ, ਨਛੱਤਰ, ਰਾਸ ਅਤੇ ਗ੍ਰਹਿਆਂ ਦੀ ਚੰਗੀ ਮੰਦੀ ਦਸ਼ਾ ਦਾ ਨਿਰਣਾ ਲਿਖਿਆ ਹੁੰਦਾ ਹੈ ।) ਪੰਡਿਤ ਹਰਦਿਆਲ ਨੇ ਬਣਾਈ ਸੀ ਜਦੋਂ ਗੁਰੂ ਨਾਨਕ ਦੇਵ ਜੀ ਦਸਾਂ ਸਾਲਾਂ ਦੇ ਹੋਏ ਤਾਂ ਮਰਯਾਦਾ ਅਨੁਸਾਰ ਉਨ੍ਹਾਂ ਨੂੰ ਜਨੇਊ ਪਾਉਣ ਲਈ ਪੰਡਿਤ ਹਰਦਿਆਲ ਨੂੰ ਸੱਦਿਆ ਗਿਆ । ਇਹ ਅਧਿਕਾਰ ਪੁਰੋਹਿਤ ਦਾ ਹੀ ਹੁੰਦਾ ਹੈ ।
ਘਰ ਵਿਚ ਪੁੱਤਰ ਦਾ ਜਨਮ ਧਰਮ – ਸ਼ਾਸਤਰਾਂ ਅਨੁਸਾਰ ਇਕ ਬੜੀ ਵਡਭਾਗਤਾ ਹੈ । ਪੁੱਤਰ ਹੀ ਪਿੱਤਰਾਂ ਨੂੰ ਪੂ ਨਾਮ ਦੇ ਨਰਕ ਤੋਂ ਬਚਾਉਂਦਾ ਹੈ । ਪੁੱਤਰ ਹੀ ਪਿੱਤਰਾਂ ਨਮਿੱਤ ਯੱਗ, ਸਰਾਧ ਆਦਿਕ ਕਰਨ ਦਾ ਅਧਿਕਾਰੀ ਹੈ । ਇਹ ਅਧਿਕਾਰ ਧੀ ਨੂੰ ਨਹੀਂ ਹੈ । ਜਨੇਊ ਪਹਿਰਨ ਦਾ ਅਧਿਕਾਰ ਭੀ ਪੁੱਤਰ ਨੂੰ ਹੀ ਹੈ, ਧੀ ਨੂੰ ਨਹੀਂ ।
ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਿਰਫ ਦਇਆ , ਸੰਤੋਖ , ਜਤ ਅਤੇ ਸਭ ਦਾ ਬਣਿਆ ਹੋਇਆ ਹੀ ਜਨੇਊ ਪਾਉਣਗੇ ਜਿਹੜਾ ਨਾ ਟੁੱਟੇ , ਨਾ ਸੜੇ ਅਤੇ ਨਾ ਹੀ ਮੈਲਾ ਹੋ ਸਕੇ ।
ਵੱਖ – ਵੱਖ ਕਿੱਤਿਆਂ ਵਿਚ
ਗੁਰੂ ਜੀ ਨੂੰ ਆਪਣੇ ਵਿਚਾਰਾਂ ਵਿਚ ਮਗਨ ਵੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਕਿਸੇ ਕਾਰ – ਵਿਹਾਰ ਵਿਚ ਲਗਾਉਣ ਦਾ ਯਤਨ ਕੀਤਾ । ਸਭ ਤੋਂ ਪਹਿਲਾਂ ਗੁਰੂ ਜੀ ਨੂੰ ਮੱਝਾਂ ਚਰਾਉਣ ਦਾ ਕੰਮ ਸੌਂਪਿਆ ਗਿਆ । ਪਰ ਗੁਰੂ ਜੀ ਨੇ ਕੋਈ ਦਿਲਚਸਪੀ ਨਾ ਵਿਖਾਈ । ਸਿੱਟੇ ਵਜੋਂ ਹੁਣ ਗੁਰੂ ਜੀ ਨੂੰ ਵਪਾਰ ਦੇ ਕਿੱਤੇ ਵਿਚ ਲਗਾਉਣ ਦਾ ਫੈਸਲਾ ਕੀਤਾ ਗਿਆ ।
ਗੁਰੂ ਜੀ ਨੂੰ 20 ਰੁਪਏ ਦਿੱਤੇ ਗਏ ਅਤੇ ਮੰਡੀ ਭੇਜਿਆ ਰਸਤੇ ਵਿਚ ਗੁਰੂ ਜੀ ਨੂੰ ਭੁੱਖੇ ਸਾਧੂਆਂ ਦਾ ਇਕ ਟੋਲਾ ਮਿਲਿਆ । ਗੁਰੂ ਜੀ ਨੇ ਆਪਣੇ ਸਾਰੇ ਰੁਪਏ ਇਨ੍ਹਾਂ ਸਾਧੂਆਂ ਨੂੰ ਭੋਜਨ ਕਰਾਉਣ ‘ ਤੇ ਖ਼ਰਚ ਦਿੱਤੇ ਅਤੇ ਖ਼ਾਲੀ ਹੱਥ ਘਰ ਵਾਪਸ ਆ ਗਏ । ਇਹ ਘਟਨਾ ਇਤਿਹਾਸ ਵਿਚ ਸੱਚਾ ਸੌਦਾ ਦੇ ਨਾਂ ਨਾਲ ਜਾਣੀ ਜਾਂਦੀ ਹੈ ।
ਤਲਵੰਡੀ ਵਿਚ ਗੁਰੂ ਨਾਨਕ ਦੇਵ ਜੀ ਦੀ ਰੌਸ਼ਨ – ਦਿਮਾਗ਼ੀ ਦੀ ਚਰਚਾ ਤਾਂ ਪਹਿਲਾਂ ਹੀ ਸੀ, ਪਰ ਕਿਸੇ ਨੂੰ ਅਜੇ ਇਹ ਨਹੀਂ ਸੀ ਪਤਾ ਕਿ ਦਸਾਂ ਸਾਲਾਂ ਦਾ ਬਾਲਕ ਹਿੰਦੂ – ਸ਼ਾਸਤਰਾਂ ਦੇ ਸਦੀਆਂ ਦੇ ਬਣੇ ਭਰਮ – ਭਾ ਦਾ ਟਾਕਰਾ ਕਰਨ ਨੂੰ ਤਿਆਰ ਹੋ ਪਏਗਾ । ਜਦੋਂ ਨਗਰ ਦਾ ਸ਼ਰੀਕਾ, ਬਰਾਦਰੀ, ਨਗਰ ਦੇ ਪੈਂਚ ਅਤੇ ਸਾਰੇ ਸਾਕ ਅੰਗ ਜੁੜ ਬੈਠੇ, ਤਾਂ ਪੁਰੋਹਿਤ ਹਰਦਿਆਲ ਨੇ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਹਿਰਾਉਣ ਲਈ ਸ਼ਾਸਤਰਾਂ ਦੀ ਰਹੁ – ਰੀਤੀ ਅਰੰਭ ਕੀਤੀ । ਸਤਿਗੁਰੂ ਜੀ ਭੀ ਪੰਡਿਤ ਦੇ ਪਾਸ ਬੈਠੇ ਹੋਏ ਸਭ ਕੁਝ ਵੇਖਦੇ ਰਹੇ ।
ਜਦੋਂ ਗ੍ਰਹਿ – ਪੂਜਾ , ਦੇਵ – ਪੂਜਾ ਆਦਿਕ ਹੋ ਚੁੱਕੀਆਂ ਤਾਂ ਸਾਰੇ ਮੇਲ ਦੀਆਂ ਅੱਖਾਂ ਗੁਰੂ ਨਾਨਕ ਦੇਵ ਜੀ ਅਤੇ ਪੰਡਿਤ ਹਰਦਿਆਲ ਉੱਤੇ ਟਿੱਕ ਗਈਆਂ , ਜਨੇਊ ਪੈਂਦੇ ਸਾਰ ਸਭਨਾਂ ਨੇ ਬਾਬਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦੇਣੀਆਂ ਸਨ ।
ਪੰਡਿਤ ਹਰਦਿਆਲ ਜਨੇਊ ਫੜ ਕੇ ਗੁਰੂ ਨਾਨਕ ਦੇਵ ਜੀ ਦੇ ਗਲ ਵਿਚ ਪਾਉਣ ਲੱਗਾ , ਪਰ ਭਰੀ ਸੱਥ ਵਿਚ ਉਨ੍ਹਾਂ ਨੇ ਪੰਡਿਤ ਜੀ ਦਾ ਹੱਥ ਰੋਕ ਦਿੱਤਾ , ਤੇ ਕਹਿਣ ਲਗੇ — ਪੰਡਿਤ ਜੀ ! ਜਨੇਊ ਪਾਇਆਂ ਸਾਡੇ ਲੋਕਾਂ ਦਾ ਦੂਜਾ ਜਨਮ ਹੁੰਦਾ ਹੈ , ਜਿਸ ਨੂੰ ਤੁਸੀ ਆਤਮਕ ਜਨਮ ਆਖਦੇ ਹੋ , ਤਾਂ ਫਿਰ ਉਹ ਜਨੇਊ ਭੀ ਕਿਸੇ ਹੋਰ ਕਿਸਮ ਦਾ ਹੀ ਚਾਹੀਦਾ ਸੀ , ਜੋ ਆਤਮਾ ਲਈ ਫਬਵਾਂ ਹੁੰਦਾ । ਜਿਹੜਾ ਜਨੇਊ ਤੁਸੀ ਮੈਨੂੰ ਦੇ ਰਹੇ ਹੋ , ਇਹ ਤਾਂ ਕਪਾਹ ਦੇ ਧਾਗੇ ਦਾ ਹੈ । ਇਹ ਮੈਲਾ ਭੀ ਹੋ ਜਾਏਗਾ , ਇਹ ਟੁੱਟ ਭੀ ਜਾਏਗਾ , ਇਸ ਨੂੰ ਵਟਾਉਣ ਦੀ ਲੋੜ ਭੀ ਪਏਗੀ ।
ਜਦੋਂ ਅੰਤ ਵੇਲੇ ਆਤਮਾ ਤੇ ਸਰੀਰ ਦਾ ਸਦੀਵੀ ਵਿਛੋੜਾ ਹੋਵੇਗਾ , ਇਹ ਜਨੇਊ ਸਰੀਰ ਦੇ ਨਾਲ ਚਿਖਾ ਵਿਚ ਸੜ ਜਾਏਗਾ | ਫੇਰ ਇਹ ਜਨੇਊ ਆਤਮਕ ਜਨਮ ਲਈ ਕਿਵੇਂ ਹੋਇਆ ? ਗੱਲ ਬੜੀ ਸਾਦਾ ਸੀ , ਹਰੇਕ ਦੀ ਸਮਝ ਗੋਚਰੀ ਸੀ , ਪਰ ਅਜੇ ਤਕ ਬੜੇ ਬੜੇ ਸਿਆਣਿਆਂ ਨੂੰ ਭੀ ਕਦੇ ਅਹੁੜੀ ਨਹੀਂ ਸੀ । ਜੇ ਕਿਸੇ ਨੂੰ ਕਦੇ ਅਹੁੜੀ ਸੀ , ਤਾਂ ਹਿੰਮਤ ਨਹੀਂ ਸੀ ਪਈ ਕਿ ਸ਼ਾਸਤਰਾਂ ਦਾ ਟਾਕਰਾ ਕਰਦਾ ਦਸਾਂ ਸਾਲਾਂ ਦੇ ਬਾਲਕ ਨੇ ਸ਼ਾਸਤਰਾਂ ਦੇ ਅਧਿਕਾਰ ਨੂੰ ਵੰਗਾਰਿਆ । ਸਾਰੇ ਲੋਕ ਹੈਰਾਨ ਰਹਿ ਗਏ ।
ਪੰਡਿਤ ਨੇ ਬੜੇ ਮਿੱਠੇ ਬੋਲਾਂ ਨਾਲ ਗੁਰੂ ਨਾਨਕ ਦੇਵ ਜੀ ਨੂੰ ਪ੍ਰੇਰਨ ਦੇ ਯਤਨ ਕੀਤੇ । ਸਹੇ ਦੀ ਨਹੀਂ, ਉਸ ਨੂੰ ਤਾਂ ਪਹੇ ਦੀ ਪੈ ਗਈ ਸੀ । ਮਾਪਿਆਂ ਨੇ ਭੀ ਬੜੇ ਲਾਡ ਨਾਲ ਸਮਝਾਇਆ ਕਿ ਸ਼ਾਸਤਰਾਂ ਦੀ ਉਲੰਘਣਾ ਕਰਨਾ ਬੜਾ ਪਾਪ ਹੈ । ਪਿਆਰ ਭੀ ਕੀਤਾ ਗਿਆ, ਡਰਾਵੇ ਭੀ ਦਿੱਤੇ ਗਏ ।
ਪਰ ਗੁਰੂ ਜੀ ਆਪਣੇ ਇਰਾਦੇ ਉਤੇ ਦ੍ਰਿੜ੍ਹ ਰਹੇ ਉਨ੍ਹਾਂ ਦਾ ਉੱਤਰ ਇਹੀ ਸੀ ਕਿ ਆਤਮਕ ਜਨਮ ਲਈ ਆਤਮਕ ਜਨੇਊ ਦੀ ਲੋੜ ਹੈ, ਜੇ ਪੰਡਿਤ ਜੀ ਦੇ ਪਾਸ ਉਹ ਜਨੇਊ ਮੌਜੂਦ ਹੈ ਤਾਂ ਬੇਸ਼ਕ ਦੇਣ, ਅਸੀਂ ਪਾ ਲੈਂਦੇ ਹਾਂ । ਕਰਮ – ਕਾਂਡ ਦੇ ਸਦੀਆਂ ਦੇ ਬਣੇ ਪੱਕੇ ਭਰਮ – ਗੜ੍ਹ ਉਤੇ ਦਸਾਂ ਸਾਲਾਂ ਦੇ ਬਾਲਕ ਗੁਰੂ ਨਾਨਕ ਦੇਵ ਜੀ ਦੀ ਇਹ ਪਹਿਲੀ ਭਾਰੀ ਚੋਟ ਸੀ । ਜੀਵਨ ਸੰਗ੍ਰਾਮ ਵਿਚ ਇਹ ਪਹਿਲੀ ਜਿੱਤ ਸੀ, ਜੋ ਬਾਲਕ – ਗੁਰੂ ਨੇ ਆਪਣੀ ਦ੍ਰਿੜ੍ਹਤਾ ਦੇ ਬਲ ਨਾਲ ਹਾਸਲ ਕੀਤੀ ।
ਗੁਰੂ ਨਾਨਕ ਦੇਵ ਜੀ ਦਾ ਵਿਆਹ
ਗੁਰੂ ਨਾਨਕ ਦੇਵ ਜੀ ਦਾ ਵਿਆਹ: ਗੁਰੂ ਨਾਨਕ ਦੇਵ ਜੀ ਦੀ ਸੰਸਾਰਿਕ ਕੰਮਾਂ ਵਿਚ ਦਿਲਚਸਪੀ ਪੈਦਾ ਕਰਨ ਲਈ ਮਹਿਤਾ ਕਾਲੂ ਜੀ ਨੇ ਆਪ ਦਾ ਵਿਆਹ ਬਟਾਲਾ ਨਿਵਾਸੀ ਮੂਲਚੰਦ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ । ਉਸ ਸਮੇਂ ਆਪ ਜੀ ਦੀ ਉਮਰ 14 ਵਰ੍ਹਿਆਂ ਦੀ ਸੀ । ਆਪ ਜੀ ਦੇ ਘਰ ਦੋ ਪੁੱਤਰਾਂ ਸ੍ਰੀ ਚੰਦ ਅਤੇ ਲਖਮੀ ਦਾਸ ਨੇ ਜਨਮ ਲਿਆ ।
ਸੁਲਤਾਨਪੁਰ ਲੋਧੀ ਵਿਚ ਨੌਕਰੀ
ਜਦੋਂ ਗੁਰੂ ਜੀ 20 ਵਰ੍ਹਿਆਂ ਦੇ ਹੋਏ ਤਾਂ ਮਹਿਤਾ ਕਾਲੂ ਜੀ ਨੇ ਆਪ ਨੂੰ ਸੁਲਤਾਨਪੁਰ ਲੋਧੀ ਵਿਖੇ ਆਪਣੇ ਜਵਾਈ ਜੈ ਰਾਮ ਕੋਲ ਭੇਜ ਦਿੱਤਾ । ਉਨ੍ਹਾਂ ਦੀ ਸਿਫ਼ਾਰਿਸ਼ ‘ ਤੇ ਗੁਰੂ ਜੀ ਨੂੰ ਮੋਦੀਖ਼ਾਨੇ ( ਅੰਨ ਭੰਡਾਰ ) ਵਿਚ ਨੌਕਰੀ ਮਿਲ ਗਈ । ਗੁਰੂ ਜੀ ਨੇ ਇਹ ਕੰਮ ਬੜੀ ਯੋਗਤਾ ਨਾਲ ਕੀਤਾ ।
ਸੱਚੇ ਗਿਆਨ ਦੀ ਪ੍ਰਾਪਤੀ
ਸੁਲਤਾਨਪੁਰ ਲੋਧੀ ਵਿਚ ਰਹਿੰਦੇ ਹੋਏ ਗੁਰੂ ਜੀ ਰੋਜ਼ਾਨਾ ਸਵੇਰੇ ਅਬੜੀ ਯੋਗ ਇਸ਼ਨਾਨ ਕਰਨ ਲਈ ਜਾਂਦੇ ਸਨ । ਇਕ ਦਿਨ ਉਹ ਬੇਈਂ ਨਦੀ ਵਿਚ ਇਸ਼ਨਾਨ ਕਰਨ ਗਏ ਅਤੇ ਤਿੰਨ ਦਿਨ ਅਲੋਪ ਰਹੇ । ਇਸ ਸਮੇਂ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਉਸ ਸਮੇਂ ਗੁਰੂ ਜੀ ਦੀ ਉਮਰ 30 ਵਰ੍ਹਿਆਂ ਦੀ ਸੀ । ਗਿਆਨ ਪ੍ਰਾਪਤੀ ਤੋਂ ਬਾਅਦ ਗੁਰ ਜੀ ਨੇ ਸਭ ਤੋਂ ਪਹਿਲਾਂ “ਨਾ ਕੋ ਹਿੰਦੂ ਅਤੇ ਨਾ ਕੋ ਮੁਸਲਮਾਨ” ਦੇ ਸ਼ਬਦ ਕਹੇ ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ?
1499 ਈ : ਵਿਚ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਦੇਸ਼ ਅਤੇ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ । ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਵਿਚ ਫੈਲੀ ਅਗਿਆਨਤਾ ਅਤੇ ਅੰਧ – ਵਿਸ਼ਵਾਸਾਂ ਨੂੰ ਦੂਰ ਕਰਨਾ ਸੀ ਅਤੇ ਆਪਸੀ ਭਾਈਚਾਰੇ ਤੇ ਇਕ ਪਰਮਾਤਮਾ ਦਾ ਪ੍ਰਚਾਰ ਕਰਨਾ ਸੀ ।
ਭਾਰਤ ਵਿਚ ਗੁਰੂ ਜੀ ਨੇ ਉੱਤਰ ਵਿਚ ਕੈਲਾਸ਼ ਪਰਬਤ ਤੋਂ ਲੈ ਕੇ ਦੱਖਣ ਵਿਚ ਰਾਮੇਸ਼ਵਰਮ ਤਕ ਅਤੇ ਪੱਛਮ ਵਿਚ ਪਾਕਪਟਨ ਤੋਂ ਲੈ ਕੇ ਪੂਰਬ ਵਿਚ ਆਸਾਮ ਤਕ ਦੀ ਯਾਤਰਾ ਕੀਤੀ ਗੁਰੂ ਜੀ ਭਾਰਤ ਤੋਂ ਬਾਹਰ ਮੱਕਾ , ਮਦੀਨਾ , ਬਗ਼ਦਾਦ ਅਤੇ ਲੰਕਾ ਵੀ ਗਏ । ਗੁਰੂ ਜੀ ਦੀਆਂ ਯਾਤਰਾਵਾਂ ਬਾਰੇ ਸਾਨੂੰ ਉਨ੍ਹਾਂ ਦੀ ਬਾਣੀ ਤੋਂ ਮਹੱਤਵਪੂਰਨ ਸੰਕੇਤ ਮਿਲਦੇ ਹਨ ।
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਲਗਭਗ 21 ਵਰ੍ਹੇ ਇਨ੍ਹਾਂ ਯਾਤਰਾਵਾਂ ਵਿਚ ਬਿਤਾਏ । ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਨਾਨਕ ਦੇਵ ਜੀ ਲੋਕਾਂ ਵਿਚ ਫੈਲੇ ਅੰਧ – ਵਿਸ਼ਵਾਸਾਂ ਨੂੰ ਕਾਫ਼ੀ ਹੱਦ ਤਕ ਦੂਰ ਕਰਨ ਵਿਚ ਸਫ਼ਲ ਹੋਏ ਅਤੇ ਉਨ੍ਹਾਂ ਦੇ ਨਾਮ ਦੇ ਚੱਕਰ ਨੂੰ ਚਾਰ ਦਿਸ਼ਾਵਾਂ ਵਿਚ ਫੈਲਾਇਆ ।
ਕਰਤਾਰਪੁਰ ਦੀ ਸਥਾਪਨਾ
ਗੁਰੂ ਨਾਨਕ ਦੇਵ ਜੀ ਨੇ 1521 ਈ : ਵਿਚ ਰਾਵੀ ਦਰਿਆ ਦੇ ਕਿਨਾਰੇ ਕਰਤਾਰਪੁਰ ਨਾਂ ਦੇ ਨਗਰ ਦੀ ਸਥਾਪਨਾ ਕੀਤੀ । ਇੱਥੇ ਗੁਰੂ ਜੀ ਨੇ ਆਪਣੇ ਪਰਿਵਾਰ ਨਾਲ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ ਇਸ ਸਮੇਂ ਦੇ ਦੌਰਾਨ ਗੁਰੂ ਜੀ ਨੇ ਸੰਗਤ ਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ ।
ਗੁਰੂ ਨਾਨਕ ਦੇਵ ਜੀ ਦੀਆ ਰਚਨਾਵਾ
ਇਨ੍ਹਾਂ ਤੋਂ ਇਲਾਵਾ ਗੁਰੂ ਜੀ ਨੇ 976 ਸ਼ਬਦਾਂ ਦੀ ਰਚਨਾ ਕੀਤੀ । ਗੁਰੂ ਜੀ ਦਾ ਇਹ ਕੰਮ ਸਿੱਖ ਪੰਥ ਦੇ ਵਿਕਾਸ ਲਈ ਇਕ ਮੀਲ ਪੱਥਰ ਸਿੱਧ ਹੋਇਆ । ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਬਾਣੀਆਂ ਦੇ ਨਾਂ ਜਪੁਜੀ , ਵਾਰ ਮਾਝ , ਆਸਾ ਦੀ ਵਾਰ , ‘ ਸਿੱਧ ਗੋਸ਼ਟਿ , ਵਾਰ ਮਲਹਾਰ , ਬਾਰਹਮਾਹ ਅਤੇ ਪੱਟੀ ਆਦਿ ਹਨ ।
ਉੱਤਰਾਧਿਕਾਰੀ ਦੀ ਨਿਯੁਕਤੀ
1539 ਈ : ਵਿਚ ਜੋਤੀ – ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਗੁਰੂ ਨਾਨਕ ਦੇਵ ਜੀ ਨੇ ਇਕ ਨਾਰੀਅਲ ਤੇ ਪੰਜ ਪੈਸੇ ਭਾਈ ਲਹਿਣਾ ਜੀ ਅੱਗੇ ਰੱਖ ਕੇ ਆਪਣਾ ਸੀਸ ਨਿਵਾਇਆ । ਇਸ ਤਰ੍ਹਾਂ ਭਾਈ ਲਹਿਣਾ ਜੀ ਗੁਰੂ ਅੰਗਦ ਬਣੇ ।
ਇਸ ਤਰ੍ਹਾਂ ਗੁਰੂ ਜੀ ਨੇ ਇਕ ਅਜਿਹਾ ਬੂਟਾ ਲਗਾਇਆ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਕ ਘਣੇ ਰੁੱਖ ਦਾ ਰੂਪ ਧਾਰਨ ਕਰ ਗਿਆ ਸੀ । ਡਾਕਟਰ ਹਰੀ ਰਾਮ ਗੁਪਤਾ ਦੇ ਅਨੁਸਾਰ , ” ਗੁਰੂ ਅੰਗਦ ਦੇਵ ਜੀ” ਦੀ ਨਿਯੁਕਤੀ ਇਕ ਬਹੁਤ ਹੀ ਦੂਰਦਰਸ਼ਿਤਾ ਵਾਲਾ ਕੰਮ ਸੀ।
ਜੋਤੀ – ਜੋਤ ਸਮਾਉਣਾ
ਗੁਰੂ ਨਾਨਕ ਦੇਵ ਜੀ 22 ਸਤੰਬਰ , 1539 ਈ : ਨੂੰ ਕਰਤਾਰਪੁਰ ਵਿਖੇ ਜੋਤੀ – ਜੋਤ ਸਮਾ ਗਏ ।
ਇਹ ਵੀ ਪੜ੍ਹੋ –
- ਗੁਰੂ ਨਾਨਕ ਦੇਵ ਜੀ ਦਾ ਲੇਖ 2023 [Essay on Guru Nanak dev ji in Punjabi]
- ਸ਼ਹੀਦ ਭਗਤ ਸਿੰਘ [ Shaheed Bhagat Singh Jivani in Punjabi]
- ਸ਼ਹੀਦ ਊਧਮ ਸਿੰਘ (Udham Singh)
ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਦੇ ਨਾਨਕੇ ਕਿੱਥੇ ਸਨ?
ਉ੍ੱਤਰ – ਪਿੰਡ ਚਾਹਲ।
ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?
ਉ੍ੱਤਰ – 15 ਅਪਰੈਲ, 1469 ਈ:।