ਸੱਚੇ-ਸੌਦੇ ਦੀ ਸਾਖੀ | ਖਰੇ-ਸੌਦੇ ਦੀ ਸਾਖੀ (sache saode di sakhi)
ਗੁਰੂ ਨਾਨਕ ਦੇਵ ਜੀ ਦਾ ਹੱਟੀ – ਵਪਾਰ ਦਾ ਵਿਹਾਰ – ਕਾਰ ਇਸੇ ਤਰ੍ਹਾਂ ਚੌਦ੍ਹਾਂ ਪੰਦਰਾਂ ਸਾਲ ਚੱਲਦਾ ਰਿਹਾ । ਨਾਲੋ ਨਾਲ , ਭਾਈ ਮਰਦਾਨੇ ਦੀ ਮਿਲਵਰਤਣ ਦਾ ਸਦਕਾ , ਰੂਹ ਦੀ ਖ਼ੁਰਾਕ , ਕੀਰਤਨ ਤੋਂ ਭੀ ਖੁੰਝਾਈ ਨਾ ਹੋਈ । ਜਿਉਂ ਜਿਉਂ ਕੀਰਤਨ ਦੀ ਸ਼ੋਭਾ ਖਿੱਲਰਦੀ ਗਈ ਤਿਉਂ ਤਿਉਂ ਹੋਰ ਵੀ ਕਈ ਲੋਕ ਸਤਸੰਗੀ ਬਣਦੇ ਗਏ – ਤਲਵੰਡੀ ਦੇ ਵਸਨੀਕ ਭੀ ਅਤੇ ਰਮਤੇ ਸੰਤ – ਸਾਧ ਭੀ , ਜੋ ਉੱਥੇ ਆ ਟਿਕਦੇ ਸਨ ।
ਸਤਸੰਗ ਦੀ ਸਾਂਝ ਕਰਕੇ ਸਤਿਗੁਰੂ ਜੀ ਇਨ੍ਹਾਂ ਲੋਕਾਂ ਦੀਆਂ ਭੋਜਨ – ਛਾਦਨ ਆਦਿਕ ਦੀਆਂ ਜ਼ਰੂਰੀ ਲੋੜਾਂ ਭੀ ਪੂਰੀਆਂ ਕਰ ਦਿਆ ਕਰਦੇ ਸਨ । ਜਿਸ ਸਮੇਂ ਦਾ ਜ਼ਿਕਰ ਚੱਲ ਰਿਹਾ ਹੈ , ਭੋਇ ਦੀ ਅੱਤ ਕਾਣੀ ਵੰਡ ਦੇ ਕਾਰਨ ਬਹੁਤੇ ਲੋਕ ਰੋਟੀ ਕੱਪੜੇ ਤੋਂ ਆਤੁਰ ਹੀ ਰਹਿੰਦੇ ਸਨ । ਜੇ ਕਦੇ ਔੜ ਲੱਗ ਜਾਂਦੀ ਤਾਂ ਕਾਲ , ਆਤੁਰ ਗ਼ਰੀਬਾਂ ਦੇ ਆਹੂ ਲਾਹੁੰਦਾ । ਬਾਰ ਵਿਚ ਵਾਹੀ ਖੇਤੀ , ਆਮ ਤੌਰ ਉੱਤੇ , ਵਰਖਾ ਦੇ ਆਸਰੇ ਹੁੰਦੀ ਸੀ । ਸੋ , ਜਦੋਂ ਕਦੇ ਵਰਖਾ ਦਾ ਰਤਾ ਕੁ ਅੱਗਾ ਪਿੱਛਾ ਹੋ ਜਾਂਦਾ , ਉਨ੍ਹਾਂ ਗ਼ਰੀਬਾਂ ਦੇ ਭਾ ਦੀ ਹੀ ਬਣ ਜਾਂਦੀ ਸੀ ।
ਗੁਰੂ ਨਾਨਕ ਦੇਵ ਜੀ ਨਿਰੇ ਪਰਦੇਸੀ ਲੋੜਵੰਦਾਂ ਦੀ ਲੋੜ ਹੀ ਪੂਰੀ ਨਹੀਂ ਸਨ ਕਰਦੇ , ਆਪਣੀ ਕਮਾਈ ਵਿਚੋਂ ਆਪਣੇ ਚੁਗਿਰਦੇ ਦੇ ਲੋੜਵੰਦ ਗ਼ਰੀਬਾਂ ਦੀ ਬਾਂਹ ਭੀ ਫੜਦੇ ਰਹਿੰਦੇ ਸਨ । ਇਸ ਦਾ ਨਤੀਜਾ ਇਹ ਨਿਕਲਦਾ ਸੀ ਕਿ ਮਾਇਆ ਇਕ ਹੱਥ ਆ ਕੇ ਦੂਜੇ ਹੱਥ ਨਿਕਲ ਜਾਂਦੀ ਸੀ । ਬਾਬਾ ਕਾਲੂ ਜੀ ਆਪਣੇ ਪੁੱਤਰ ਦੀ ਇਸ ਕਿਰਤ – ਕਮਾਈ ਉੱਤੇ ਖ਼ੁਸ਼ ਨਹੀਂ ਸਨ ।
ਕਈ ਸਿੱਖ – ਇਤਿਹਾਸਕਾਰਾਂ ਨੇ ਇਸ ਨੂੰ ਖਰੇ-ਸੌਦੇ ਦੀ ਸਾਖੀ ਲਿਖਿਆ ਹੈ , ਜੋ ਸਿੱਖ ਕੌਮ ਵਿਚ ਬੜੀ ਹੀ ਪ੍ਰਸਿੱਧ ਹੈ । ਜਦੋਂ ਦੀ ਇਹ ਵਾਰਤਾ ਹੈ ਤਦੋਂ ਸਤਿਗੁਰੂ ਨਾਨਕ ਦੇਵ ਜੀ ਦੀ ਉਮਰ ਚੌਂਤੀ – ਪੈਂਤੀ ਸਾਲਾਂ ਦੀ ਸੀ । ਹੱਟੀ ਵਾਸਤੇ ਸੌਦਾ ਖ਼ਰੀਦਣ ਲਈ ਚੂਹੜਕਾਣੇ ਨੂੰ ਚੱਲ ਪਏ । ਤਲਵੰਡੀਓਂ ਸਭ ਤੋਂ ਨੇੜੇ ਵੱਡਾ ਨਗਰ ਇਹੀ ਸੀ । ਭਾਈ ਮਰਦਾਨਾ ਵੀ ਨਾਲ ਹੀ ਸੀ । ਜਦੋਂ ਕਦੇ ਸੌਦਾ ਖ਼ਰੀਦਣ ਦੇ ਕੰਮ ਤਲਵੰਡੀ ਤੋਂ ਬਾਹਰ ਜਾਂਦੇ ਸਨ , ਮਰਦਾਨਾ ਸਦਾ ਨਾਲ ਹੁੰਦਾ ਸੀ , ਕਿਉਂਕਿ ਕੀਰਤਨ ਵਲੋਂ ਨਾਗਾ ਗੁਰੂ ਨਾਨਕ ਦੇਵ ਜੀ ਵਾਸਤੇ ਅਸਹਿ ਹੋ ਚੁੱਕਾ ਸੀ ।
ਚੌਂਤੀ – ਪੈਂਤੀ ਸਾਲਾਂ ਦੀ ਉਮਰ ਤਕ ਸੌਦਾ – ਪੱਤਾ ਖ਼ਰੀਦਣ ਵੇਚਣ ਵਾਲੇ ਦਾ ਆਪਣਾ ਤਜਰਬਾ ਇਤਨਾ ਹੋ ਜਾਂਦਾ ਹੈ ਕਿ ਉਸ ਨੂੰ ਕਿਸੇ ਦੀ ਸਿੱਖ – ਮਤ ਦੀ ਲੋੜ ਨਹੀਂ ਪੈਂਦੀ । ਪਰ ਮਾਪੇ , ਸੁਭਾਵਿਕ ਹੀ , ਆਪਣੇ ਜਵਾਨ ਪੁੱਤਰਾਂ ਨੂੰ ਭੀ ਕਈ ਵਾਰੀ ਤੁਰਨ ਲੱਗਿਆਂ ਕੋਈ ਨ ਕੋਈ ਸਿੱਖਿਆ ਦੇ ਹੀ ਦੇਂਦੇ ਹਨ । ਸਾਖੀਕਾਰ ਲਿਖਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਚੂਹੜਕਾਣੇ ਨੂੰ ਤੁਰਨ ਲੱਗੇ ਤਾਂ ਉਨ੍ਹਾਂ ਦੇ ਪਿਤਾ ਬਾਬਾ ਕਾਲੂ ਜੀ ਨੇ ਸੁਚੇਤ ਕਰਨ ਲਈ ਉਨ੍ਹਾਂ ਨੂੰ ਆਖਿਆ ਕਿ ਮਾਲ ਧਿਆਨ ਨਾਲ ਖ਼ਰੀਦਣਾ , ਖਰਾ ਹੋਵੇ , ਤਾਂ ਜੋ ਲਾਹੇਵੰਦਾ ਹੋ ਸਕੇ ।
ਇਹ ਜ਼ਿਕਰ ਸੰਨ 1503-04 ਦਾ ਹੈ । ਸਿਕੰਦਰ ਲੋਦੀ ਦਾ ਰਾਜ ਸੀ । ਉਸ ਨੇ ਦਿੱਲੀ ਦੀ ਥਾਂ ਆਗਰੇ ਨੂੰ ਰਾਜਧਾਨੀ ਬਣਾ ਲਿਆ ਸੀ , ਕਿਉਂਕਿ ਉਸ ਦਾ ਸਾਰਾ ਧਿਆਨ ਬਿਹਾਰ ਵਲ ਸੀ , ਜਿਸ ਨੂੰ ਉਸ ਨੇ ਫ਼ਤਹ ਕਰ ਕੇ ਆਪਣੇ ਰਾਜ ਵਿਚ ਰਲਾ ਲਿਆ ਸੀ । ਪੰਜਾਬ ਦੇ ਜਗੀਰਦਾਰ ਇਸ ਗੱਲ ਖੁਸ਼ ਸਨ ਕਿ ਬਾਦਸ਼ਾਹ ਉਨ੍ਹਾਂ ਤੋਂ ਦੂਰ ਪਰੇ ਗਿਆ ਹੋਇਆ ਹੈ ।
ਹਿੰਦੂ ਸਿਕੰਦਰ ਦੇ ਹੱਥੋਂ ਤੰਗ ਸਨ ਹੀ । ਪੰਜਾਬ ਦੇ ਹਾਲਾਤ ਅਟਿਕਵੇਂ ਜਿਹੇ ਹੋ ਗਏ । ਔੜ ਦੇ ਕਾਰਨ ਗ਼ਰੀਬਾਂ ਦਾ ਹੱਥ ਕਾਫ਼ੀ ਤੰਗ ਹੋ ਗਿਆ ਤੇ ਸੰਤਾਂ – ਸਾਧਾਂ ਦੀ ਸੇਵਾ ਭੀ ਘਟ ਗਈ । ਗੁਰੂ ਨਾਨਕ ਦੇਵ ਜੀ ਘਰੋਂ ਵੀਹ ਰੁਪਏ ਲੈ ਕੇ ਤੁਰੇ ਸਨ । ਭਾਵੇਂ ਕਾਲ ਜਿਹੀ ਹੀ ਹਾਲਤ ਸੀ , ਫਿਰ ਭੀ ਉਸ ਜ਼ਮਾਨੇ ਦੇ ਵੀਹ ਰੁਪਏ ਅੱਜ – ਕੱਲ੍ਹ ਦੇ ਦੋ ਹਜ਼ਾਰ ਨਾਲੋਂ ਚੰਗੇ ਸਨ ।
ਅੰਨ ਦੇ ਕਾਲ ਸਮੇਂ ਪਿੰਡਾਂ ਨਾਲੋਂ ਸ਼ਹਿਰਾਂ – ਨਗਰਾਂ ਦੀ ਹਾਲਤ ਵਧੀਕ ਖ਼ਰਾਬ ਹੋ ਜਾਂਦੀ ਹੈ । ਤਲਵੰਡੀ ਤੋਂ ਵਾਪਸ ਆਉਂਦੇ ਸੰਤਾਂ ਦੀ ਇਕ ਮੰਡਲੀ ਚੂਹੜਕਾਣੇ ਟਿਕੀ ਹੋਈ ਗੁਰੂ ਨਾਨਕ ਦੇਵ ਜੀ ਨੂੰ ਮਿਲ ਪਈ । ਉਨ੍ਹਾਂ ਵਿਚ ਕਈ ਅੱਗੇ ਹੀ ਸਤਿਗੁਰੂ ਜੀ ਦੇ ਸਤਸੰਗੀ ਵਾਕਫ਼ ਬਣ ਚੁਕੇ ਸਨ ।
ਇਕ ਦੋ ਦਿਨਾਂ ਤੋਂ ਇਨ੍ਹਾਂ ਦੀ ਅੰਨ – ਪਾਣੀ ਬਾਰੇ ਕਿਸੇ ਬਾਤ ਨਹੀਂ ਸੀ ਪੁੱਛੀ । ਸਤਿਗੁਰੂ ਜੀ ਨੇ ਉਨ੍ਹਾਂ ਵਾਸਤੇ ਲੰਗਰ ਦਾ ਪ੍ਰਬੰਧ ਕਰ ਦਿੱਤਾ । ਕਈਆਂ ਨੂੰ ਬਸਤਰ ਆਦਿਕ ਦੀ ਭੀ ਲੋੜ ਸੀ । ਲੰਗਰ ਖੁੱਲ੍ਹਣ ਉੱਤੇ ਹੋਰ ਭੀ ਕਈ ਗ਼ਰੀਬ ਆ ਪਹੁੰਚੇ । ਵੀਹ ਰੁਪਇਆਂ ਦੀ ਸਾਰੀ ਦੀ ਸਾਰੀ ਰਕਮ ਇਸ ਕੰਮ ਉੱਤੇ ਖ਼ਰਚ ਹੋ ਗਈ । ਗੁਰੂ ਨਾਨਕ ਦੇਵ ਜੀ ਵਾਸਤੇ ਇਹ ਇਕ ਸਧਾਰਨ ਜਿਹਾ ਕੰਮ ਸੀ ।
ਆਪਣੀ ਕਮਾਈ ਵਿਚੋਂ ਉਹ ਸਦਾ ਲੋੜਵੰਦਾਂ ਦੀ ਮਦਦ ਕਰਦੇ ਚਲੇ ਆ ਰਹੇ ਸਨ । ਪਰ ਇਸ ਵਾਰ ਰਕਮ ਬਹੁਤ ਵਧੀਕ ਖ਼ਰਚ ਹੋ ਗਈ । ਸਖ਼ੀ – ਦਿਲ ਕਮਾਊ ਲਈ ਮਾਇਆ ਹੱਥਾਂ ਦੀ ਮੈਲ ਹੈ , ਪਰ ਬਾਬਾ ਕਾਲੂ ਜੀ ਨੂੰ ਸਤਿਗੁਰੂ ਜੀ ਦੀ ਇਤਨੀ ਖੁਲ੍ਹ – ਦਿਲੀ ਉਤੇ ਬੜਾ ਗੁੱਸਾ ਆਇਆ । ਪੁੱਤਰ ਭਾਵੇਂ ਕਿਤਨਾ ਵੱਡਾ , ਕਮਾਊ ਤੇ ਸਿਆਣਾ ਹੋ ਜਾਏ , ਪਿਉ ਦੀਆਂ ਨਜ਼ਰਾਂ ਵਿਚ ਉਹ ਬਾਲ ਹੀ ਹੁੰਦਾ ਹੈ । ਬਾਬਾ ਕਾਲੂ ਜੀ ਬਹੁਤ ਨਰਾਜ਼ ਹੋਏ । ਉਨ੍ਹਾਂ ਦੀਆਂ ਇਹ ਆਸਾਂ ਮੁੱਕ ਗਈਆਂ ਕਿ ਉਨ੍ਹਾਂ ਦਾ ਪੁੱਤਰ ਕਦੇ ਖੱਟ – ਕਮਾ ਕੇ ਦੁਨੀਆਦਾਰਾਂ ਵਾਲਾ ਨਾਮਣਾ ਖੱਟੇਗਾ ।
ਆਖ਼ਰ ਦੁਨੀਆ ਵਿਚ ਧਨ ਨੂੰ ਹੀ ਮਾਣ ਮਿਲਦਾ ਹੈ — ਧਨੀ ਹੀ ਖ਼ਾਨਦਾਨੀ , ਧਨੀ ਹੀ ਅਕਲਈਆ , ਧਨੀ ਹੀ ਸ਼ਰੀਫ਼ ਤੇ ਈਮਾਨਦਾਰ , ਧਨੀ ਹੀ ਧਰਮੀ ਤੇ ਧਨੀ ਹੀ ਦਾਨੀ ! ਗੁਰੂ ਨਾਨਕ ਦੇਵ ਜੀ ਬਾਬਾ ਕਾਲੂ ਦੇ ਮਨੋਂ ਚੜ੍ਹ ਗਏ । ਇਹ ਖ਼ਬਰ ਬੀਬੀ ਨਾਨਕੀ ਅਤੇ ਭਾਈ ਜੈ ਰਾਮ ਜੀ ਨੂੰ ਭੀ ਅੱਪੜ ਗਈ । ਭਾਈ ਜੈ ਰਾਮ ਜੀ ਦਾ ਸੁਲਤਾਨਪੁਰ ਦੇ ਨਵਾਬ ਦੌਲਤਖ਼ਾਨ ਨਾਲ ਬੜਾ ਅਸਰ – ਰਸੂਖ਼ ਸੀ । ਉਹਨਾਂ ਨੇ ਨਵਾਬ ਨੂੰ ਪ੍ਰੇਰਿਆ ਕਿ ( ਗੁਰੂ ) ਨਾਨਕ ਨੂੰ ਆਪਣਾ ਮੋਦੀ ਬਣਾ ਲਏ ।
ਆਪ ਪੁੱਜ ਕੇ ਈਮਾਨਦਾਰ ਤੇ ਮਿਹਨਤੀ ਸਨ ਤੇ ਜੇ ਪਿਤਾ ਜੀ ਨੂੰ ਦੁੱਖ ਸੀ ਤਾਂ ਇਹੀ ਕਿ ਉਹ ਆਪਣੀ ਕਮਾਈ ਗ਼ਰੀਬਾਂ ਨੂੰ ਕਿਉਂ ਖਵਾਉਂਦੇ ਹਨ । ਸਾਰੇ ਮਹਿਕਮਿਆਂ ਵਿਚ ਮਿਹਨਤੀ ਤੇ ਈਮਾਨਦਾਰ ਕਰਮਚਾਰੀ ਕਿਤੇ ਭਾਗਾਂ ਨਾਲ ਲੱਭਦੇ ਹੋਣਗੇ , ਸੋ ਨਵਾਬ ਤੁਰਤ ਮੰਨ ਗਿਆ । ਭਾਈ ਜੈ ਰਾਮ ਜੀ ਅਤੇ ਗੁਰੂ ਨਾਨਕ ਦੇਵ ਜੀ ਨੂੰ ਸੁਨੇਹਾ ਭੇਜ ਦਿੱਤਾ ।