Home Biographies ਸ਼ੇਖ਼ ਫ਼ਰੀਦ ਜੀ ਦੀ ਜੀਵਨੀ

ਸ਼ੇਖ਼ ਫ਼ਰੀਦ ਜੀ ਦੀ ਜੀਵਨੀ

1
ਸ਼ੇਖ਼-ਫ਼ਰੀਦ-ਜੀ-ਦੀ-ਜੀਵਨੀ

ਸ਼ੇਖ਼ ਫ਼ਰੀਦ ਜੀ ਦੀ ਜੀਵਨੀ (Biography of Baba Sheikh Farid Ji in Punjabi)

ਸ਼ੇਖ਼ ਫ਼ਰੀਦ ਜੀ ਨੂੰ ਪੰਜਾਬੀ ਕਵਿਤਾ ਦਾ ਪਿਤਾਮਾ ਕਿਹਾ ਜਾਂਦਾ ਹੈ । ਗੁਰੂ ਗ੍ਰੰਥ ਸਾਹਿਬ ਵਿਚ ਸ਼ੇਖ਼ ਫ਼ਰੀਦ ਜੀ ਦੀ ਬਾਣੀ ਦਾ ਹੋਰਨਾਂ ਭਗਤਾਂ ਦੀ ਬਾਣੀ ਨਾਲੋਂ ਵਧੇਰੇ ਹੋਣਾ ਇਹਨਾਂ ਦੀ ਵਡਿਆਈ ਦਾ ਸਬੂਤ ਹੈ । ਸ਼ੇਖ਼ ਫ਼ਰੀਦ ਜੀ ਦਾ ਜਨਮ 1173 ਈ : ਵਿਚ ਪਿੰਡ ਖੋਤਵਾਲ , ਜ਼ਿਲ੍ਹਾ ਮੁਲਤਾਨ ਵਿਖੇ ਸ਼ੇਖ਼ ਜਮਾਲੁਦੀਨ ਸੁਲੇਮਾਨ ਦੇ ਘਰ ਹੋਇਆ । ਆਪ ਦਾ ਪੂਰਾ ਨਾਂ ਫ਼ਰੀਦੁੱਦੀਨ ਮਸਊਦ ਸੀ ।

ਵਿੱਦਿਆ –

ਸ਼ੇਖ਼ ਫ਼ਰੀਦ ਜੀ ਨੇ ਮੁੱਢਲੀ ਵਿੱਦਿਆ ਪਿੰਡ ਦੀ ਮਸੀਤ ਵਿਚ ਹਾਸਲ ਕੀਤੀ ਤੇ ਫਿਰ ਮੁਲਤਾਨ ਵਿਖੇ ਮੌਲਾਨਾ ਮਿਨਹਾਜੁੱਦੀਨ ਦੇ ਮੁਕਤਬ ਵਿਚ ਦਾਖ਼ਲ ਹੋ ਗਏ । ਇੱਥੇ ਹੀ ਆਪ ਦਿੱਲੀ ਦੇ ਪ੍ਰਸਿੱਧ ਸੂਫ਼ੀ ਫ਼ਕੀਰ ਖ੍ਵਾਜਾ ਕੁਤਬੁੱਦੀਨ ਬਖ਼ਤਿਆਰ ਕਾਕੀ ਜੀ ਦੇ ਮੁਰੀਦ ਬਣੇ ।

ਰੂਹਾਨੀ ਕਮਾਲ ਪ੍ਰਾਪਤ ਹੋ ਜਾਣ ਤੇ ਕਾਕੀ ਸਾਹਿਬ ਨੇ ਆਪ ਨੂੰ ਦਿੱਲੀ ਤੋਂ ਹਾਂਸੀ ਜਾ ਕੇ ਰਹਿਣ ਤੇ ਇਸਲਾਮ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ । ਕਾਕੀ ਜੀ ਦੇ ਚਲਾਣੇ ਮਗਰੋਂ ਆਪ ਉਨ੍ਹਾਂ ਦੀ ਗੱਦੀ ‘ ਤੇ ਬਿਰਾਜਮਾਨ ਹੋਏ ਤੇ ਫਿਰ ਆਪ ਅਜੋਧਨ ਆ ਟਿਕੇ । ਇਸ ਥਾਂ ਦਾ ਨਾਂ ਮਗਰੋਂ ਪਾਕਪਟਨ ਪੈ ਗਿਆ । ਇੱਥੇ ਹੀ ਸ਼ੇਖ਼ ਫ਼ਰੀਦ ਜੀ ਦਾ ਦੇਹਾਂਤ ਹੋਇਆ ਤੇ ਆਪ ਦੀ ਗੱਦੀ ਚੱਲੀ । 1266 ਈ : ਵਿਚ ਸ਼ੇਖ਼ ਫ਼ਰੀਦ ਜੀ ਚਲਾਣਾ ਕਰ ਗਏ।

ਰਚਨਾ ਤੇ ਕਾਵਿ – ਕਲਾ

ਸ਼ੇਖ਼ ਫ਼ਰੀਦ ਜੀ ਨੂੰ ਅਰਬੀ , ਫ਼ਾਰਸੀ ਤੇ ਦੇਸੀ ਭਾਸ਼ਾਵਾਂ ਦਾ ਡੂੰਘਾ ਗਿਆਨ ਸੀ । ਸ਼ੇਖ਼ ਫ਼ਰੀਦ ਜੀ ਦੀ ਰਚਨਾ ਫ਼ਾਰਸੀ ਤੇ ਲਹਿੰਦੀ ਪੰਜਾਬੀ ਵਿਚ ਮਿਲਦੀ ਹੈ । ਗੁਰੂ ਗ੍ਰੰਥ ਸਾਹਿਬ ਵਿਚ ਆਪ ਦੇ 112 ਸਲੋਕ ਦਰਜ ਹਨ । ਸਲੋਕਾਂ ਤੋਂ ਬਿਨਾਂ ਫ਼ਰੀਦ ਜੀ ਦੇ ਚਾਰ ਸ਼ਬਦ – ਦੋ ਰਾਗ ਆਸਾ ਵਿਚ ਤੇ ਦੋ ਸੂਹੀ ਰਾਗ ਵਿਚ ਮਿਲਦੇ ਹਨ ।

ਸ਼ੇਖ਼ ਫ਼ਰੀਦ ਜੀ ਦੀ ਰਚਨਾ ਦੀ ਬੋਲੀ ਦੀ ਠੇਠਤਾ ਤੇ ਗੁਰੂ ਕਾਲ ਦੀ ਬੋਲੀ ਨਾਲ ਇਸ ਦੀ ਨੇੜਤਾ ਦੇਖ ਕੇ ਕੁੱਝ ਵਿਦਵਾਨਾਂ ਨੇ ਇਹ ਸ਼ੰਕਾ ਪ੍ਰਗਟ ਕੀਤੀ ਕਿ ਇਹ ਰਚਨਾ ਬਾਬਾ ਫ਼ਰੀਦ ਦੀ ਨਹੀਂ , ਸਗੋਂ ਉਨ੍ਹਾਂ ਦੇ ਬਾਰ੍ਹਵੇਂ ਗੱਦੀ – ਨਸ਼ੀਨ ਸ਼ੇਖ ਬ੍ਰਹਮ ਦੀ ਹੈ । ਉਨ੍ਹਾਂ ਇਸ ਸੰਬੰਧ ਵਿਚ ਇਸ ਰਚਨਾ ਦੀ ਬੋਲੀ ਦੀ ਗੁਰੂ ਕਾਲ ਦੀ ਬੋਲੀ ਨਾਲ ਨੇੜਤਾ ਤੇ ਜਨਮ – ਸਾਖੀਆਂ ਵਿਚ ਸ਼ੇਖ਼ ਬਹੁਮ ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਦੀ ਘਟਨਾ ਨੂੰ ਦਲੀਲਾਂ ਵਜੋਂ ਪੇਸ਼ ਕੀਤਾ।

ਪਰੰਤੂ ਇਨ੍ਹਾਂ ਵਿਦਵਾਨਾਂ ਦਾ ਇਹ ਵਿਚਾਰ ਠੀਕ ਪ੍ਰਤੀਤ ਨਹੀਂ ਹੁੰਦਾ , ਕਿਉਂਕਿ ਨਿਤ ਦੇ ਵਿਦੇਸ਼ੀ ਹਮਲਿਆਂ ਕਾਰਨ ਪੰਜਾਬੀ ਕੌਮ ਬੜੀ ਸੁਚੇਤ ਰਹਿ ਕੇ ਆਪਣੇ ਆਪ ਨੂੰ ਨਵੇਂ ਹਾਲਾਤਾਂ ਵਿਚ ਢਾਲਣ ਤੇ ਨਵੇਂ ਵਿਚਾਰ ਗ੍ਰਹਿਣ ਕਰਨ ਵਿਚ ਸਭ ਤੋਂ ਮੋਹਰੇ ਰਹੀ ਹੈ । ਇਸੇ ਤਰ੍ਹਾਂ ਹੀ ਅਪਭ੍ਰੰਸ਼ ਪੜਾ ਵਿਚੋਂ ਨਿਕਲੀ ਪੰਜਾਬੀ ਬੋਲੀ ਨੇ ਉੱਤਰੀ ਭਾਰਤ ਦੀਆਂ ਬੋਲੀਆਂ ਨਾਲੋਂ ਆਪਣਾ ਰੂਪ ਰੰਗ ਪਹਿਲਾਂ ਨਿਖ਼ਾਰ ਲਿਆ । ਇਸ ਨੁਹਾਰ ਦੀ ਝਲਕ ਨਾਥ ਸਾਹਿਤ ਵਿਚ ਦੇਖੀ ਜਾ ਸਕਦੀ ਹੈ ।

ਡਾ : ਮੋਹਨ ਸਿੰਘ ਅਨੁਸਾਰ ਫ਼ਰੀਦ ਸਾਨੀ ਜਾਂ ਸ਼ੇਖ਼ ਬ੍ਰਹਮ ਕਵੀ ਨਹੀਂ ਸੀ । ਉਸ ਨੇ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਸਮੇਂ ਉਨ੍ਹਾਂ ਨੂੰ ਸ਼ੇਖ਼ ਫ਼ਰੀਦ ਦੀ ਬਾਣੀ ਹੀ ਸੁਣਾਈ । ਫਿਰ ਗੁਰੂ ਅਰਜਨ ਦੇਵ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦਰਜ ਕਰਦੇ ਸਮੇਂ ਸ਼ੇਖ਼ ਫ਼ਰੀਦ ਦਾ ਨਾਂ ਦਿੱਤਾ ਹੈ , ਨਾ ਕਿ ਸ਼ੇਖ਼ ਬ੍ਰਹਮ ਦਾ । ਇਹ ਗੱਲ ਵੀ ਨਹੀਂ ਮੰਨੀ ਜਾ ਸਕਦੀ ਕਿ ਇਹ ਬਾਣੀ ਸ਼ੇਖ਼ ਬ੍ਰਹਮ ਨੇ ਰਚੀ , ਪਰ ਉਸ ਨੇ ਆਦਰ ਵਜੋਂ ਆਪਣੇ ਵਡੇਰੇ ਮੁਰਸ਼ਦ ਸ਼ੇਖ਼ ਫ਼ਰੀਦ ਦਾ ਨਾਂ ਦਿੱਤਾ ਹੋਵੇ , ਕਿਉਂਕਿ ਗੁਰੂ ਸਾਹਿਬਾਂ ਤੋਂ ਪਹਿਲਾਂ ਅਜਿਹੀ ਪਰੰਪਰਾ ਮੌਜੂਦ ਨਹੀਂ ਸੀ ।

ਇਹ ਬਾਣੀ ਸ਼ੇਖ਼ ਬ੍ਰਹਮ ਦੀ ਰਚੀ ਹੁੰਦੀ , ਤਾਂ ਗੁਰੂ ਅਰਜਨ ਦੇਵ ਜ਼ਰੂਰ ਇਸ ਦੇ ਰਚਨਹਾਰੇ ਸੰਬੰਧੀ ਕੋਈ ਸਪੱਸ਼ਟ ਸੰਕੇਤ ਦਿੰਦੇ , ਜਿਸ ਤਰ੍ਹਾਂ ਵੱਖ – ਵੱਖ ਗੁਰੂ ਸਾਹਿਬਾਂ ਦੀ ਰਚਨਾ ਨਾਲ ‘ ਮਹਲਾ ‘ ਸ਼ਬਦ ਲਿਖਿਆ ਗਿਆ ਹੈ ।

ਸ਼ੇਖ਼ ਫ਼ਰੀਦ ਜੀ ਇਕ ਸੂਫ਼ੀ ਕਵੀ ਸਨ , ਪਰ ਉਨ੍ਹਾਂ ਦੇ ਸਮੇਂ ਸੂਫ਼ੀ ਮਤ ਅਜੇ ਇਸਲਾਮੀ ਸ਼ਰੀਅਤ ਤੋਂ ਅਜ਼ਾਦ ਨਹੀਂ ਸੀ ਹੋਇਆ ਤੇ ਨਾ ਹੀ ਉਹ ਖੁੱਲ੍ਹ – ਖਿਆਲੀ ਤੇ ਮਸਤੀ ਆਈ ਸੀ , ਜਿਸ ਨੂੰ ਮਗਰੋਂ ਜਾ ਕੇ ਸ਼ਾਹ ਹੁਸੈਨ ਤੇ ਬੁਲ੍ਹੇ ਸ਼ਾਹ ਨੇ ਮਾਣਿਆ , ਇਸ ਲਈ ਫ਼ਰੀਦ ਜੀ ਦੀ ਰਚਨਾ ਵਿਚ ਸੂਫ਼ੀ ਵਿਚਾਰਾਂ ਦੇ ਨਾਲ ਇਸਲਾਮੀ ਸ਼ਰ੍ਹਾ ਦੀ ਪਾਬੰਦੀ ਵਿਚ ਰਹਿਣ ਦੀ ਵੀ ਜ਼ੋਰਦਾਰ ਪ੍ਰੇਰਨਾ ਮਿਲਦੀ ਹੈ ।

ਹੇਠਾਂ ਅਸੀਂ ਸ਼ੇਖ਼ ਫ਼ਰੀਦ ਜੀ ਦੀ ਬਾਣੀ ਦੇ ਮੁੱਖ ਵਿਸ਼ਿਆਂ ਅਰਥਾਤ ਆਪ ਦੇ ਵਿਚਾਰਾਂ ਸੰਬੰਧੀ ਚਰਚਾ ਕਰਦੇ ਹਾਂ ।

ਸ਼ੇਖ਼ ਫ਼ਰੀਦ ਜੀ ਦੀਆਂ ਸਿੱਖਿਆਵਾਂ

ਸ਼ੇਖ਼ ਫ਼ਰੀਦ ਜੀ ਦੀ ਜੀਵਨੀ ਤੋਂ ਹੀ ਅਸੀਂ ਉਹਨਾਂ ਦੇ ਸਿੱਖਿਆਵਾਂ ਬਾਰੇ ਜਾਣ ਸਕਦੇ ਹਾਂ, ਉਹਨਾਂ ਦੀਆਂ ਸਿੱਖਿਆਵਾਂ ਹਨ-

ਨਾਸ਼ਵਾਨਤਾ —

ਰੱਬ ਦੀ ਭਗਤੀ ਵਿਚ ਮਗਨ ਰਹਿਣ ਵਾਲੇ ਸਾਰੇ ਫ਼ਕੀਰਾਂ ਵਾਂਗ ਹੀ ਸ਼ੇਖ਼ ਫ਼ਰੀਦ ਜੀ ਨੇ ਇਸ ਸੰਸਾਰ ਦੀ ਅਸਾਰਤਾ ਤੇ ਨਾਸ਼ਵਾਨਤਾ ਨੂੰ ਦ੍ਰਿੜਾਇਆ ਹੈ ।ਉਹ ਲਿਖਦੇ ਹਨ –

ਚਲੇ ਚਲਣਹਾਰ , ਵਿਚਾਰਾ ਲਏ ਮਨੋ ।
ਗੰਢੇਦਿਆਂ ਛਿਅ ਮਾਹ , ਤੁੜੇਂਦਿਆਂ ਹਿਕ ਖਿਨੋਂ ।

ਇਸ ਜ਼ਿੰਦਗੀ ਨੇ ਫ਼ਨਾਹ ਹੋ ਜਾਣਾ ਹੈ । ਬੁਢਾਪਾ ਤੇ ਮੌਤ ਅਟਲ ਹਨ । ਇਸ ਲਈ ਸ਼ੁੱਭ ਕਰਮ ਤੇ ਨੇਕ ਕਮਾਈ ਕਰਨੀ ਚਾਹੀਦੀ ਹੈ ਤਾਂ ਜੋ ਰੱਬ ਦੇ ਦਰਬਾਰ ਵਿਚ ਸ਼ਰਮਿੰਦੇ ਨਾ ਹੋਣਾ ਪਵੇ –

ਫ਼ਰੀਦਾ ਜਿੰਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ
ਮਤ ਸ਼ਰਮਿੰਦਾ ਥੀਵਹੀ ਸਾਈਂ ਦੇ ਦਰਬਾਰਿ ॥

ਫ਼ਰੀਦ ਜੀ ਦੇ ਨਾਸ਼ਮਾਨਤਾ ਸੰਬੰਧੀ ਭਾਵਾਂ ਨੂੰ ਨਿਰਾਸ਼ਾਵਾਦ ਕਰਾਰ ਦੇਣਾ ਠੀਕ ਨਹੀਂ , ਕਿਉਂਕਿ ਫ਼ਰੀਦ ਜੀ ਦੀ ਸੁਰ ਮਨੁੱਖ ਵਿਚ ਢਾਹੂ ਰੁਚੀਆਂ ਨਹੀਂ ਪੈਦਾ ਕਰਦੀ , ਸਗੋਂ ਨਿਮਰਤਾ , ਸਬਰ – ਸ਼ੁਕਰ ਤੇ ਸਹਿਨਸ਼ੀਲਤਾ ਦਾ ਸੁਨੇਹਾ ਦੇ ਕੇ ਮਨ ਨੂੰ ਠੰਢ ਪਾਉਂਦੀ ਹੈ ।

ਗੁਰੂ ਦੀ ਸ਼ਰਨ –

ਸੰਸਾਰਕ ਮੋਹ – ਮਾਇਆ ਵਲੋਂ ਉਪਰਾਮ ਹੋ ਕੇ ਭਗਤੀ ਕਮਾਉਣ ਲਈ ਗੁਰੂ ਤੋਂ ਬਿਨਾਂ ਠੀਕ ਅਗਵਾਈ ਨਹੀਂ ਮਿਲ ਸਕਦੀ । ਸ਼ੇਖ਼ ਫ਼ਰੀਦ ਜੀ ਗੁਰੂ ਦੀ ਸ਼ਰਨ ਲੈ ਕੇ ਉਸ ਦੇ ਦੱਸੇ ਰਾਹ ਨੂੰ ਅਪਨਾਉਣਾ ਆਪਣਾ ਪਰਮ ਕਰਤੱਵ ਮੰਨਦੇ ਹਨ –

ਬੋਲੀਐ ਸਚੁ ਧਰਮੁ ਝੂਠ ਨਾ ਬੋਲੀਐ ।
ਜੋ ਗੁਰੂ ਦੋਸੇ ਵਾਟ ਮੁਰੀਦਾ ਜੋਲੀਐ ।

ਸੱਚੇ ਗੁਰੂ ਦਾ ਲੜ ਫੜ ਕੇ ਸੌ ਔਕੜਾਂ ਝਾਗ ਕੇ ਵੀ ਉਸ ਦੇ ਚਰਨਾਂ ਵਿਚ ਪੁੱਜਣ ਦਾ ਯਤਨ ਕੀਤਾ ਜਾਂਦਾ ਹੈ

ਭਿਜਉ ਸਿਜਉ ਕੰਬਲੀ , ਅਲਹ ਵਰਸਉ ਮੇਹੁ ।
ਜਾਇ ਮਿਲਾ ਤਿਨਾ ਸਜਨਾ , ਤੁਟਉ ਨਾਹੀ ਨੇਹੁ ॥

ਨਿਮਰਤਾ – ਵਾਹਿਗੁਰੂ ਨਾਲ ਨੇੜਤਾ ਪ੍ਰਾਪਤ ਕਰਨ ਲਈ ਬਾਬਾ ਫ਼ਰੀਦ ਨਿਮਰਤਾ ਨੂੰ ਇਕ ਸਾਧਨ ਦੱਸਦੇ ਹੋਏ ਲਿਖਦੇ ਹਨ

ਫ਼ਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨਾ ਮਾਰੇ ਘੁੰਮਿ ॥
ਆਪਨੜੇ ਘਰ ਜਾਈਐ ਪੈਰ ਤਿਨਾ ਦੇ ਚੁੰਮਿ ॥

ਨਿਮਰਤਾ ਧਾਰਨ ਕਰਨ ਨਾਲ ਕੋਮਲ ਚਿਤ ਬਣ ਕੇ ਫ਼ਰੀਦ ਜੀ ਕਿਸੇ ਦਾ ਦਿਲ ਦੁਖਾਉਣਾ ਇਕ ਵੱਡਾ ਪਾਪ ਸਮਝਦੇ ਹੋਏ ਲਿਖਦੇ ਹਨ—

ਇਕ ਫਿਕਾ ਨਾ ਗਾਲਾਇ ਸਭਨਾ ਮੈਂ ਮੰਚਾ ਧਣੀ ॥
ਹਿਆਉ ਨਾ ਕੈਹੀ ਨਾਹਿ ਮਾਣਕ ਸਭ ਅਮੋਲਵੇ ।

ਰੱਬ ਦੀ ਰਜ਼ਾ –

ਰੱਥ ਵਿਚ ਲੀਨ ਹੋਣ ਲਈ ਉਸ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਣਾ ਬਹੁਤ ਜ਼ਰੂਰੀ ਹੈ । ਫ਼ਰੀਦ ਜੀ ਸਿੱਖ ਗੁਰੂ ਸਾਹਿਬਾਂ ਵਾਂਗ ਹੀ ਇਸ ਵਿਚਾਰ ਨੂੰ ਪ੍ਰਗਟ ਕਰਦੇ ਹੋਏ ਲਿਖਦੇ ਹਨ ਫ਼ਰੀਦਾ ਦੁਖ ਸੁਖ ਇਕ ਕਰਿ ਦਿਲ ਤੇ ਲਾਹਿ ਵਿਕਾਰੁ ॥ ਅਲਾਹ ਭਾਵੇਂ ਸੋ ਭਲਾ ਤਾਂ ਲੜੀ ਦਰਬਾਰ ਫ਼ਰੀਦ ਜੀ ਅਨੁਸਾਰ ਵਾਹਿਗੁਰੂ ਦੇ ਭਾਣੇ ਵਿਚ ਰਾਜ਼ੀ ਰਹਿਣ ਨਾਲ ਉਸ ਦੀ ਨੇੜਤਾ ਪ੍ਰਾਪਤ ਹੁੰਦੀ ਹੈ । ਹਉਮੈ ਦਾ ਰੋਗ ਖ਼ਤਮ ਹੋ ਜਾਂਦਾ ਹੈ ਤੇ ਪ੍ਰਭੂ ਪ੍ਰੇਮ ਲਈ ਰਸਤਾ ਸਾਫ਼ ਹੋ ਜਾਂਦਾ ਹੈ ।

ਪ੍ਰਭੂ ਪ੍ਰੇਮ –

ਪ੍ਰਭੂ ਪ੍ਰੇਮ ਲਈ ਸਾਰੇ ਰਾਹ ਪੱਧਰੇ ਹੋ ਜਾਣ ਤੇ ਉਸ ਦੇ ਦਰਸ਼ਨ ਦੀ ਤਾਂਘ ਮਨ ਵਿਚ ਬਿਰਹੋਂ ਦਾ ਭਾਂਬੜ ਬਾਲ ਦਿੰਦੀ ਹੈ । ਫ਼ਰੀਦ ਜੀ ਲਿਖਦੇ ਹਨ-

ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ ॥
ਪੈਰੀ ਥਕਾ ਸਿਰਿ ਜੁਲਾ ਜੇ ਤੂੰ ਪਿਰੀ ਮਿਲੰਨਿ ॥

ਇਹੋ ਹੀ ਪ੍ਰੇਮ ਦੀ ਸਹਿਜ ਅਵਸਥਾ ਹੈ । ਜਦੋਂ ਇਕ ਵਾਰੀ ਪਤੀ – ਪਰਮੇਸਰ ਨਾਲ ਮਿਲਾਪ ਹੋ ਗਿਆ , ਇਕ ਪਲ ਲਈ ਵੀ ਉਸ ਦਾ ਵਿਛੋੜਾ ਸਹਿਣਾ ਔਖਾ ਹੋ ਗਿਆ।

ਅਜੁ ਨ ਸੂਤੀ ਕੰਤ ਸਿਉਂ , ਅੰਗਿ ਮੂੜੇ ਮੁੜਿ ਜਾਇ ॥
ਜਾਇ ਪੁਛਹੁ ਡੋਹਾਗਣੀ , ਤੁਮਿ ਕਿਉ ਰੋਣ ਵਿਹਾਇ ।

ਸ਼ੇਖ਼ ਫ਼ਰੀਦ ਜੀ ਦੀ ਰਚਨਾ ਰੂਪਕ ਪੱਖ ਤੋਂ ਪੰਜਾਬੀ ਸਾਹਿਤ ਵਿਚ ਬਹੁਤ ਉੱਚਾ ਸਥਾਨ ਰੱਖਦੀ ਹੈ । ਆਪ ਪੰਜਾਬੀ ਬੋਲੀ ਦੇ ਪਹਿਲੇ ਕਵੀ ਹੋਏ ਹਨ , ਜਿਨ੍ਹਾਂ ਦੀ ਪੰਜਾਬੀ ਇੰਨੀ ਸ਼ੁੱਧ , ਮਾਂਜੀ ਤੇ ਸੁਆਰੀ ਹੋਈ ਹੈ । ਆਪ ਦੀ ਰਚਨਾ ਦੀ ਬੋਲੀ , ਲੋਕ – ਬੋਲੀ ਹੈ । ਇਸ ਨੂੰ ‘ ਲਹਿੰਦੀ ਪੰਜਾਬੀ ਕਿਹਾ ਜਾਂਦਾ ਹੈ । ਆਪ ਦੀ ਬੋਲੀ ਸ਼ਹਿਦ ਵਰਗੀ ਮਿੱਠੀ ਹੈ । ਆਪ ਨੇ ਆਪਣੀ ਰਚਨਾ ਵਿਚ ਹਿੰਦੀ ਸੰਕੇਤਾਵਲੀ ਦੀ ਵਰਤੋਂ ਵੀ ਕੀਤੀ ਹੈ ; ਜਿਵੇਂ – ਕੰਤ , ਸਹੁ , ਧੰਨ , ਦਰ , ਡੋਹਾਗਣੀ , ਪਿਰਹੜੀ ਆਦਿ । ਆਪ ਦੀ ਰਚਨਾ ਵਿਚ ਅਰਬੀ , ਫ਼ਾਰਸੀ ਦੀਆਂ ਤਸਵੀਰਾਂ ਵੀ ਹਨ , ਜਿਵੇਂ ਗ਼ੌਰ , ਦਰਵੇਸ਼ , ਮੁਸਲਾ , ਸੂਹ , ਦੋਜਖ , ਪੁਰਸਲਾਤ , ਉਜੂ ਅਤੇ ਨਿਵਾਜ ਆਦਿ ।

ਆਪ ਨੇ ਅਰਬੀ ਅਤੇ ਫ਼ਾਰਸੀ ਦੇ ਸਬਦਾਂ ਨੂੰ ਤਤਸਮ ਤੇ ਤਦਭਵ ਦੋਹਾਂ ਰੂਪਾਂ ਵਿਚ ਵਰਤ ਕੇ ਪੰਜਾਬੀ ਨੂੰ ਅਮੀਰ ਤੇ ਭਰਪੂਰ ਕੀਤਾ ਹੈ । ਸ਼ਬਦ ਭੰਡਾਰ ਫ਼ਰੀਦ ਜੀ ਨੇ ਸਧਾਰਨ ਜੀਵਨ ਵਿਚੋਂ ਲਏ ਅਲੰਕਾਰਾਂ ਦੀ ਬੜੀ ਯੋਗਤਾ ਨਾਲ ਵਰਤੋਂ ਕੀਤੀ ਹੈ ; ਜਿਵੇਂ
ਕਮਾਦ , ਤਿਲ , ਕਪਾਹ , ਨਦੀ , ਕਾਗਦ , ਥੋੜਾ , ਘੜਿਆਲ ਆਦਿ ।

ਆਪ ਦੀ ਰਚਨਾ ਵਿਚ ਬੜੇ ਸਜੀਵ ਸ਼ਬਦ – ਚਿਤਰ ਮਿਲਦੇ ਹਨ । ਫ਼ਰੀਦ ਜੀ ਦੇ ਸਲੋਕਾਂ ਵਿਚ ਸੰਜਮ ਅਤੇ ਸੰਖੇਪਤਾ ਦਾ ਗੁਣ ਵੀ ਹੈ । ਇਸੇ ਕਰਕੇ ਆਪ ਦੇ ਕਈ ਸਲੋਕ ਮੁਹਾਵਰੇ ਬਣ ਕੇ ਪ੍ਰਚਲਿਤ ਹੋ ਗਏ ਹਨ ; ਜਿਵੇਂ

ਫ਼ਰੀਦਾ ਮੈਂ ਜਾਨਿਆ ਦੁਖ ਮੁਝ ਕੂ ਦੁਖ ਸਬਾਇਐ ਜਗੁ ॥
ਊਚੇ ਚੜ੍ਹ ਕੇ ਦੇਖਿਆ ਤਾਂ ਘਰ – ਘਰ ਏਹਾ ਅਗ ।
ਕੰਧੀ ਉੱਤੇ ਰੁਖੜਾ ਕਿਚਰਕ ਬੰਨੇ ਪੀਰ ।
ਫਰੀਦਾ ਕੱਚੇ ਭਾਂਡੇ ਰਖੀਐ ਕਿਚਰੁ ਤਾਈ ਨੀਰੁ ॥

ਸਮੁੱਚੇ ਤੌਰ ‘ ਤੇ ਆਪ ਦੀ ਬਾਣੀ ਨੇ ਜਿੱਥੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਵਿਚ ਹਿੱਸਾ ਪਾਇਆ ਹੈ , ਉੱਥੇ ਆਪ ਦੇ ਵਿਚਾਰਾਂ ਨੇ ਹਿੰਦੂ ਮੁਸਲਮਾਨਾਂ ਵਿਚ ਨੇੜਤਾ ਪੈਦਾ ਕਰ ਕੇ ਲੋਕਾਂ ਵਿਚ ਸਦਾਚਾਰਕ ਗੁਣ ਭਰੇ ।

FAQ

ਪ੍ਰਸ਼ਨ – ਬਾਬਾ ਫਰੀਦ ਜੀ ਦਾ ਜਨਮ ਕਦੋਂ ਹੋਇਆ ?

ਉੱਤਰ – ਸ਼ੇਖ਼ ਫ਼ਰੀਦ ਦਾ ਜਨਮ 1173 ਈ : ਵਿਚ ਪਿੰਡ ਖੋਤਵਾਲ , ਜ਼ਿਲ੍ਹਾ ਮੁਲਤਾਨ ਵਿਖੇ ਸ਼ੇਖ਼ ਜਮਾਲੁਦੀਨ ਸੁਲੇਮਾਨ ਦੇ ਘਰ ਹੋਇਆ।

ਪ੍ਰਸ਼ਨ -ਮੁੱਢਲੀ ਵਿੱਦਿਆ ਹਾਸਲ ਕਰਕੇ ਫ਼ਰੀਦ ਜੀ ਕਿੱਥੇ ਚਲੇ ਗਏ ?

ਉੱਤਰ ਫ਼ਰੀਦ ਜੀ ਨੇ ਮੁੱਢਲੀ ਵਿੱਦਿਆ ਪਿੰਡ ਦੀ ਮਸੀਤ ਵਿਚ ਹਾਸਲ ਕੀਤੀ ਤੇ ਫਿਰ ਮੁਲਤਾਨ ਵਿਖੇ ਮੌਲਾਨਾ ਮਿਨਹਾਜੁੱਦੀਨ ਦੇ ਮੁਕਤਬ ਵਿਚ ਦਾਖ਼ਲ ਹੋ ਗਏ ।

ਪ੍ਰਸ਼ਨ -ਸ਼ੇਖ ਜਮਾਲੂਦੀਨ ਬਾਬਾ ਫਰੀਦ ਜੀ ਦੇ ਕੀ ਲਗਦੇ ਸਨ ?

ਉੱਤਰ ਪਿਤਾ ਜੀ ।

ਪ੍ਰਸ਼ਨ -ਬਾਬਾ ਫ਼ਰੀਦ ਜੀ ਨੂੰ ਆਪਣੀ ਗੱਦੀ ਕਿਸ ਨੇ ਦਿੱਤੀ ?

ਉੱਤਰ ਦਿੱਲੀ ਦੇ ਪ੍ਰਸਿੱਧ ਸੂਫ਼ੀ ਫ਼ਕੀਰ ਖ੍ਵਾਜਾ ਕੁਤਬੁੱਦੀਨ ਬਖ਼ਤਿਆਰ ਕਾਕੀ ਜੀ।

ਪ੍ਰਸ਼ਨ -ਫ਼ਰੀਦ ਜੀ ਕਿੱਥੇ ਤਪੱਸਿਆ ਕਰਦੇ ਰਹੇ ?

ਉੱਤਰ ਅਜੋਧਨ।

ਪ੍ਰਸ਼ਨ -ਬਾਬਾ ਫਰੀਦ ਜੀ ਕਿਹੋ ਜਿਹੇ ਸੰਤ ਸਨ ?

ਉੱਤਰ ਸ਼ੇਖ਼ ਫ਼ਰੀਦ ਇਕ ਸੂਫ਼ੀ ਕਵੀ ਸਨ ।

ਪ੍ਰਸ਼ਨ -ਬਾਬਾ ਫਰੀਦ ਜੀ ਦਾ ਦਿਹਾਂਤ ਕਦੋਂ ਹੋਇਆ ?

ਉੱਤਰ 1266 ਈ : ਵਿਚ।

Next articleਪੰਜਾਬੀ ਸੱਭਿਆਚਾਰ ਤੇ ਲੇਖ 2023 (Essay on Punjabi Culture in Punjabi)

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.