Home Poems ਮੋਰੀ ਰੁਣਝੁਣ-ਗੁਰੂ ਨਾਨਕ ਦੇਵ ਜੀ

ਮੋਰੀ ਰੁਣਝੁਣ-ਗੁਰੂ ਨਾਨਕ ਦੇਵ ਜੀ

0

ਮੋਰੀ ਰੁਣਝੁਣ-ਗੁਰੂ ਨਾਨਕ ਦੇਵ ਜੀ (mori runjhun by Guru Nanak Dev ji)

ਮੋਰੀ ਰੁਣਝੁਣ ਲਾਇਆ ਭੈਣੇ ਸਾਵਣੁ ਆਇਆ ।। 
ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ।। 
ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੇ ।। 
ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੈ ।।

ਮੋਰੀ – ਮੋਰਾਂ ਨੇ । ਰੁਣਝੁਣ ਲਾਇਆ – ਨੱਚਣਾ ਤੇ ਗਾਉਣਾ ਸ਼ੁਰੂ ਕਰ ਦਿੱਤਾ ਹੈ । (ਮੋਰੀ ਰੁਣਝੁਣ) ਮੁੰਧ – ਇਸਤਰੀ । ਕਟਾਰੇ — ਕਟਾਰ ਵਰਗੀਆਂ ਅੱਖਾਂ । ਜੇਵਡਾ – ਫਾਹੀ ।(ਮੋਰੀ ਰੁਣਝੁਣ) ਵਿਟਹੁ – ਉੱਤੋਂ । ਖੰਨੀਐ — ਕੁਰਬਾਨ ਜਾਵਾਂ । (ਮੋਰੀ ਰੁਣਝੁਣ-ਗੁਰੂ ਨਾਨਕ ਦੇਵ ਜੀ)

ਵਿਆਖਿਆ – ਗੁਰੂ ਸਾਹਿਬ ਇਕ ਬਿਹਰਨ ਇਸਤਰੀ ਦੇ ਰੂਪ ਵਿਚ ਕਹਿੰਦੇ ਹਨ , ਹੇ ਭੈਣ ! ਸਾਵਣ ਦਾ ਮਹੀਨਾ ਆ ਦੇ ਗਿਆ ਹੈ । ਸਾਵਣ ਦੀਆਂ ਕਾਲੀਆਂ ਘਟਾਂ ਵੇਖ ਕੇ ਮੋਰਾਂ ਨੇ ਮਿੱਠੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਪੈਲਾਂ ਪਾਉਣੀਆਂ ਆਰੰਭ ਕਰ ਦਿੱਤੀਆਂ ਹਨ । ਹੇ ਪ੍ਰਭੂ ! ਤੇਰੀ ਇਹ ਸੋਹਣੀ ਕੁਦਰਤ ਮੈਂ ਜੀਵ – ਇਸਤਰੀ ਲਈ ਮਾਨੋ ਕਟਾਰ ਹੈ ; ਜੋ ਮੇਰੇ ਅੰਦਰ ਬਿਰਹੋਂ ਦੀ ਚੋਟ ਲਾ ਰਹੀ ਹੈ ਜਾਂ ਇਕ ਫਾਹੀ ਹੈ , ਜਿਸ ਨੇ ਤੇਰੇ ਦੀਦਾਰ ਦੇ ਪ੍ਰੇਮੀ ਇਸ ਮਨ ਨੂੰ ਮੋਹ ਲਿਆ ਹੈ ।

ਇਹ ਮੈਨੂੰ ਤੇਰੇ ਚਰਨਾਂ ਵਲ ਖਿੱਚੀ ਲਿਜਾ ਰਹੀ ਹੈ । ਹੇ ਪ੍ਰਭੂ ! ਤੇਰੇ ਇਸ ਸੋਹਣੇ ਸਰੂਪ ਤੋਂ , ਜੋ ਮੈਨੂੰ ਹੁਣ ਦਿਸ ਰਿਹਾ ਹੈ , ਮੈਂ ਸਦਕੇ ਜਾਂਦੀ ਹਾਂ । ਤੇਰਾ ਇਹ ਸਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ ਤੇ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦੀ ਹਾਂ ਕਿਉਂਕਿ ਤੂੰ ਮੈਨੂੰ ਇਸ ਕੁਦਰਤ ਵਿਚ ਦਿਸ ਰਿਹਾ ਹੈਂ । ਮੈਂ ਇਹ ਆਖਣ ਦਾ ਹੌਂਸਲਾ ਕੀਤਾ ਹੈ ਕਿ ਤੇਰੀ ਇਹ ਕੁਦਰਤ ਸੁਹਾਵਣੀ ਹੈ । ਜੇਕਰ ਤੂੰ ਕੁਦਰਤ ਵਿਚ ਨਾ ਦਿਸੇ , ਤਾਂ ਇਹ ਆਖਣ ਵਿਚ ਕੀ ਸਵਾਦ ਰਹਿ ਜਾਵੇ ਕਿ ਕੁਦਰਤ ਬਹੁਤ ਸੋਹਣੀ ਹੈ ।

ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ । 
ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ।। 
ਨ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ । 
ਜੋ ਸਹੁ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ।।

ਰਾਤੋ – ਰੰਗਿਆ ਹੋਇਆ । ਅਵਰਾਹਾ – ਦੂਜੀਆਂ । (ਮੋਰੀ ਰੁਣਝੁਣ) ਮਨੀਆਰੂ – ਚੂੜੀਆਂ ਵੇਚਣ ਵਾਲਾ । ਸਿ ਬਾਹੜੀਆਹਾ – ਉਹ ਬਾਂਹਾਂ । (ਮੋਰੀ ਰੁਣਝੁਣ-ਗੁਰੂ ਨਾਨਕ ਦੇਵ ਜੀ)

ਵਿਆਖਿਆ — ਗੁਰੂ ਜੀ ਇਕ ਇਸਤਰੀ ਦੇ ਰੂਪ ਵਿਚ ਆਪਣੇ ਆਪ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ , ਹੇ ਭੋਲੀਏ ਇਸਤਰੀਏ ! ਤੂੰ ਪਤੀ ਨੂੰ ਮਿਲਣ ਲਈ ਆਪਣੀਆਂ ਬਾਂਹਵਾਂ ਵਿਚ ਚੂੜਾ ਪਾਇਆ ਹੈ ਤੇ ਹੋਰ ਵੀ ਕਈ ਸ਼ਿੰਗਾਰ ਕੀਤੇ ਹਨ ਪਰ ਹੇ ਇੰਨੇ ਸ਼ਿੰਗਾਰ ਕਰਦੀਏ ਨਾਰੇ ! ਜੇ ਤੇਰਾ ਪਤੀ ਫਿਰ ਵੀ ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ , ਤਾਂ ਇਨ੍ਹਾਂ ਸ਼ਿੰਗਾਰਾਂ ਦਾ ਕੀ ਲਾਭ ? ਤੂੰ ਆਪਣਾ ਚੂੜਾ ਪਲੰਘ ਨਾਲ ਮਾਰ ਕੇ ਭੰਨ ਦੇਹ ।

ਪਲੰਘ ਦੀਆਂ ਬਾਹੀਆਂ ਤੇ ਆਪਣੀਆਂ ਸਜਾਈਆਂ ਬਾਂਹਾਂ ਵੀ ਭੰਨ ਦੇਹ ਕਿਉਂਕਿ ਨਾ ਇਨ੍ਹਾਂ ਬਾਂਹਾਂ ਨੂੰ ਸਜਾਉਣ ਵਾਲਾ ਮੁਨਿਆਰ ਹੀ ਤੇਰਾ ਕੁੱਝ ਸਵਾਰ ਸਕਿਆ ਹੈ ਤੇ ਨਾ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਝਾਂ ਕਿਸੇ ਕੰਮ ਆਈਆਂ ਹਨ । ਸੜ ਜਾਣ ਉਹ ਸਜਾਈਆਂ ਬਾਂਹਾਂ , ਜੋ ਪਤੀ ਦੇ ਗਲ ਨਹੀਂ ਲੱਗ ਸਕੀਆਂ ਅਰਥਾਤ ਜੇਕਰ ਜੀਵ – ਇਸਤਰੀ ਸਾਰੀ ਉਮਰ ਧਾਰਮਿਕ – ਭੇਖ ਵਿਚ ਹੀ ਗੁਜ਼ਾਰ ਦੇਵੇ ਅਤੇ ਉਸ ਨੂੰ ਧਰਮ ਉਪਦੇਸ਼ ਦੇਣ ਵਾਲਾ ਵੀ ਉਸ ਨੂੰ ਬਾਹਰਲੇ ਭੇਖ ਵਲ ਹੀ ਪ੍ਰੇਰਦਾ ਰਹੇ , ਤਾਂ ਸਾਰੇ ਉੱਦਮ ਵਿਅਰਥ ਚਲੇ ਜਾਂਦੇ ਹਨ ਕਿਉਂਕਿ ਇਸ ਤਰ੍ਹਾਂ ਪ੍ਰਭੂ ਪ੍ਰਸੰਨ ਨਹੀਂ ਹੁੰਦਾ ।

ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥ ਅਗੈ ਗਈ ਨਾ ਮੰਨੀਆ ਮਰਉ ਵਿਸੂਰਿ ਵਿਸੂਰੇ ॥

ਰਾਵਣਿ — ਮਿਲਾਪ ਦਾ ਆਨੰਦ ਲੈਣਾ । (ਮੋਰੀ ਰੁਣਝੁਣ-ਗੁਰੂ ਨਾਨਕ ਦੇਵ ਜੀ) ਹਉ — ਮੈਂ । ਦਾਧੀ – ਸੜੀ ਹੋਈ , ਦੁਖੀ । ਅੰਮਾਲੀ – ਹੇ ਸਖੀ । ਖਰੀ – ਬਹੁਤ । ਮਾਠਿ — ਮੇਡੀਆਂ ਗੁੰਦ ਕੇ ਬਣਾਈ ਮਾਠ । ਵਿਸੂਰਿ ਵਿਸੂਰੇ – ਝੂਰ – ਝੂਰ ਕੇ । (ਮੋਰੀ ਰੁਣਝੁਣ-ਗੁਰੂ ਨਾਨਕ ਦੇਵ ਜੀ)

ਵਿਆਖਿਆ – ਗੁਰੂ ਜੀ ਇਕ ਬਿਰਹਨ ਇਸਤਰੀ ਦੇ ਰੂਪ ਵਿਚ ਆਖਦੇ ਹਨ ਕਿ ਪ੍ਰਭੂ ਚਰਨਾਂ ਵਿਚ ਜੁੜਨ ਵਾਲੀਆਂ ਸਾਰੀਆਂ ਸਹੇਲੀਆਂ ਤਾਂ ਪ੍ਰਭੂ – ਪਤੀ ਨੂੰ ਪ੍ਰਸੰਨ ਕਰਨ ਦੇ ਯਤਨ ਕਰ ਰਹੀਆਂ ਹਨ , ਪਰ ਮੈਂ ਨਿਰੇ ਦਿਖਾਵੇ ਦੇ ਧਾਰਮਿਕ ਭੇਖ ਕਰਨ ਵਾਲੀ ਤੇ ਸੜੇ ਕਰਮਾਂ ਵਾਲੀ ਕਿਸ ਦਰ ‘ ਤੇ ਜਾਵਾਂ ?

ਹੇ ਸਖੀ ! ਮੈਂ ਇਨ੍ਹਾਂ ਭੇਖਾਂ ਵਿਚ ਟੇਕ ਰੱਖ ਕੇ ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ , ਪਰ ਮੇਰੇ ਪ੍ਰਭੂ – ਪਤੀ ਨੂੰ ਮੇਰਾ ਇਕ ਵੀ ਗੁਣ ਪਸੰਦ ਨਹੀਂ । ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਦੀ ਹਾਂ । ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭਰਿਆ ਜਾਂਦਾ ਹੈ , ਪਰ ਪ੍ਰਭੂ – ਪਤੀ ਦੀ ਹਜ਼ੂਰੀ ਵਿਚ ਪ੍ਰਵਾਨ ਨਾ ਹੋਣ ਕਰਕੇ ਮੈਂ ਝੂਰ – ਝੂਰ ਕੇ ਮਰ ਰਹੀ ਹਾਂ ।

ਮੈਂ ਰੋਵੰਦੀ ਸਭ ਜਗ ਰੁਨਾ ਰੁੰਨੜੇ ਵਣਹੁ ਪੰਖੇਰੂ ॥ 
ਇਕੁ ਨ ਰੁਨਾ ਮੇਰੇ ਤਨੁ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥ 
ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ।। 
ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ।। 
ਆਉ ਸੁਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ।।

ਪਿਰਹੁ – ਪਤੀ । ਕਨਿ — ਵਲ । (ਮੋਰੀ ਰੁਣਝੁਣ-ਗੁਰੂ ਨਾਨਕ ਦੇਵ ਜੀ)

ਵਿਆਖਿਆ — ਗੁਰੂ ਜੀ ਇਕ ਬਿਰਹਨ ਇਸਤਰੀ ਦੇ ਰੂਪ ਵਿਚ ਆਖਦੇ ਹਨ ਕਿ ਪ੍ਰਭੂ – ਪਤੀ ਤੋਂ ਵਿਛੜ ਕੇ ਮੈਂ ਇੰਨੀ ਦੁਖੀ ਹੋ ਰਹੀ ਹਾਂ ਕਿ ਸਾਰਾ ਸੰਸਾਰ ਮੇਰੇ ਉੱਤੇ ਤਰਸ ਕਰ ਰਿਹਾ ਹੈ । ਜੰਗਲ ਦੇ ਪੰਛੀ ਵੀ ਮੇਰੀ ਦੁੱਖ – ਭਰੀ ਹਾਲਤ ਦੇਖ ਕੇ ਰੋ ਰਹੇ ਹਨ । ਸਿਰਫ਼ ਮੇਰਾ ਅੰਦਰਲਾ ਵਿਛੋੜਾ ਹੀ ਹੈ , ਜੋ ਤਰਸ ਨਹੀਂ ਕਰਦਾ ਤੇ ਮੇਰੀ ਖ਼ਲਾਸੀ ਨਹੀਂ ਕਰਦਾ ।

ਇਸੇ ਨੇ ਹੀ ਮੈਨੂੰ ਪ੍ਰਭੂ – ਪਤੀ ਤੋਂ ਵਿਛੋੜਿਆ ਹੈ । ਹੇ ਪ੍ਰਭੂ – ਪਤੀ ! ਤੂੰ ਮੈਨੂੰ ਸੁਪਨੇ ਵਿਚ ਮਿਲਿਆ ਅਤੇ ਸੁਪਨਾ ਮੁੱਕਣ ‘ ਤੇ ਤੂੰ ਫਿਰ ਚਲਾ ਗਿਆ । ਵਿਛੋੜੇ ਦੇ ਦੁੱਖ ਵਿਚ ਮੈਂ ਹੰਝੂ ਭਰ – ਭਰ ਕੇ ਰੋਈ । ਹੇ ਪਿਆਰੇ ! ਮੈਂ ਨਿਮਾਣੀ ਤੇਰੇ ਕੋਲ ਅੱਪੜ ਨਹੀਂ ਸਕਦੀ । ਮੈਂ ਗ਼ਰੀਬ ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ , ਜੋ ਜਾ ਕੇ ਤੈਨੂੰ ਮੇਰੀ ਹਾਲਤ ਦੱਸੇ । ਇਸ ਕਰਕੇ ਮੈਂ ਨੀਂਦ ਅੱਗੇ ਤਰਲੇ ਕਰਦੀ ਹਾਂ ਕਿ ਭਾਗਾਂ ਵਾਲੀਏ ਨੀਂਦੇ । ਤੂੰ ਹੀ ਆ । ਸ਼ਾਇਦ ਮੈਂ ਤੇਰੇ ਰਾਹੀਂ ਹੀ ਆਪਣੇ ਪ੍ਰਭੂ – ਪਤੀ ਦੇ ਮੁੜ ਕੇ ਦੀਦਾਰ . ਕਰ ਸਕਾਂ ।

ਤੇ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ।। 
ਸੀਸੁ ਬਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ।। 
ਕਿਉਂ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਭਾਣਾ ।।

ਕਰੀਜੈ – ਕਰਾਂ। ਮਰੀਜੈ – ਮਰੋ । ਵਿਡਾਣਾ – ਓਪਰਾ । (ਮੋਰੀ ਰੁਣਝੁਣ-ਗੁਰੂ ਨਾਨਕ ਦੇਵ ਜੀ)

ਵਿਆਖਿਆ — ਗੁਰੂ ਜੀ ਇਕ ਬਿਰਹਨ ਦੇ ਰੂਪ ਵਿਚ ਫ਼ਰਮਾਉਂਦੇ ਹਨ ਕਿ ਹੇ ਮੇਰੇ ਮਾਲਕ ! ਜੇ ਕੋਈ ਗੁਰਮੁਖ ਆ ਕੇ ਮੈਨੂੰ ਤੇਰੀ ਗੱਲ ਸੁਣਾਵੇ , ਤਾਂ ਮੈਂ ਉਸ ਅੱਗੇ ਕਿਹੜੀ ਭੇਟ ਧਰਾਂ ? ਮੈਂ ਆਪਣਾ ਸਿਰ ਵੱਢ ਕੇ ਬੈਠਣ ਲਈ ਆਸਣ ਬਣਾ ਦੇਵਾਂ ਤੇ ਮੈਂ ਆਪਾ – ਭਾਵ ਦੂਰ ਕਰ ਕੇ ਉਸ ਦੀ ਸੇਵਾ ਕਰਾਂ ਭਾਵ ਜਦੋਂ ਪ੍ਰਭੂ ਸਾਡੀ ਮੂਰਖਤਾ ਕਾਰਨ ਸਾਥੋਂ ਓਪਰਾ ਹੋ ਜਾਵੇ , ਤਾਂ ਉਸ ਨੂੰ ਅਪਣਾਉਣ ਦਾ ਤਰੀਕਾ ਇਹ ਹੈ ਕਿ ਆਪਾ – ਭਾਵ ਗੁਆ ਕੇ ਜਿੰਦ ਉਸ ਤੋਂ ਸਦਕੇ ਕੀਤੀ ਜਾਵੇ ।

Previous articleਖੁਰਾਸਾਨ ਖਸਮਾਨਾ-ਗੁਰੂ ਨਾਨਕ ਦੇਵ ਜੀ1
Next articleਲਬੁ ਪਾਪ ਦੁਇ ਰਾਜਾ ਮਹਤਾ-ਗੁਰੂ ਨਾਨਕ ਦੇਵ ਜੀ1

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.