ਪੰਜਾਬ ਦੀਆਂ ਲੋਕ-ਖੇਡਾਂ (Folk games of Punjab)
ਪੰਜਾਬ ਦੀਆਂ ਲੋਕ-ਖੇਡਾਂ, ਪੰਜਾਬੀ ਲੋਕ-ਜੀਵਨ ਦਾ ਅਭਿੰਨ ਅੰਗ ਹਨ । ਇਹ ਪੰਜਾਬੀ ਲੋਕਾਂ ਦੇ ਦਿਲ-ਪਰਚਾਵੇ ਦਾ ਪ੍ਰਮੁੱਖ ਸਾਧਨ ਰਹੀਆਂ ਹਨ ।
ਮਨੁੱਖ ਦੀ ਮੂਲ ਪ੍ਰਵਿਰਤੀ
ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਤੇ ਉਹ ਆਦਿ – ਕਾਲ ਤੋਂ ਹੀ ਖੇਡਦਾ ਆਇਆ ਹੈ । ਉਸਨੇ ਆਪਣੇ ਸਰੀਰ, ਵਿੱਤ ਅਤੇ ਸੁਭਾ ਮੁਤਾਬਿਕ ਬਹੁਤ ਸਾਰੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ । ਖੇਡਣਾ ਜਿੱਥੇ ਇਕ ਸਹਿਜ ਕਰਮ ਹੈ, ਉੱਥੇ ਇਹ ਮਨੁੱਖ ਦੇ ਸਰਬਪੱਖੀ ਵਿਕਾਸ ਵਿਚ ਵੀ ਹਿੱਸਾ ਪਾਉਂਦਾ ਹੈ ।
ਖੇਡ – ਕਿਰਿਆ ਬੱਚੇ ਦੇ ਜਨਮ ਨਾਲ ਹੀ ਆਰੰਭ ਹੋ ਜਾਂਦੀ ਹੈ । ਜਨਮ ਤੋਂ ਕੁੱਝ ਦਿਨਾਂ ਪਿੱਛੋਂ ਹੀ ਬੱਚਾ ਲੱਤਾਂ – ਬਾਹਾਂ ਮਾਰ ਕੇ ਖੇਡਣਾ ਆਰੰਭ ਕਰ ਦਿੰਦਾ ਹੈ ।ਜੋ ਉਸਦੇ ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ਦਾ ਸੂਚਕ ਹੁੰਦਾ ਹੈ । ਇਹ ਮਨੁੱਖ ਨੂੰ ਸਰੀਰਕ ਬਲ ਵੀ ਦਿੰਦੀਆਂ ਹਨ ਤੇ ਉਸਦਾ ਮਨੋਰੰਜਨ ਵੀ ਕਰਦੀਆਂ ਹਨ ।
ਪੁੱਗਣਾ
ਬੱਚੇ ਆਪਣੀ ਖੇਡ ਆਰੰਭ ਕਰਨ ਤੋਂ ਪਹਿਲਾਂ ਪੁੱਗਦੇ ਹਨ । ਉਹ ਇਕ ਦਾਇਰੇ ਵਿਚ ਖੜ੍ਹੇ ਹੋ ਜਾਂਦੇ ਹਨ । ਇਕ ਜਣਾ ਇਕੱਲੇ-ਇਕੱਲੇ ਨੂੰ ਹੱਥ ਲਾ ਕੇ ਛੰਦ ਬੋਲਦਾ ਹੈ
ਗੁੜ ਖਾਵਾਂ ਵੇਲ ਵਧਾਵਾਂ, ਮੂਲੀ ਪੱਤਰਾ, ਪੱਤਰਾਂ ਵਾਲੇ ਘੋੜੇ ਆਏ, ਹੱਥ ਕੁਤਾੜੀ ਪੈਰ ਕਤਾੜੀ, ਨਿਕਲ ਬਾਲਿਆ ਤੇਰੀ ਵਾਰੀ।
ਆਖਰੀ ਸ਼ਬਦ ਬੋਲਣ ਸਮੇਂ ਜਿਸ ਬੱਚੇ ਨੂੰ ਇਹ ਛੰਦ ਵਾਰ – ਵਾਰ ਬੋਲਿਆ ਜਾਂਦਾ ਹੈ । ਪੁੱਗਣ ਦਾ ਇਕ ਹੋਰ ਤਰੀਕਾ ਵੀ ਹੈ । ਜਿੰਨੇ ਬੱਚੇ ਖੇਡ ਵਿਚ ਹਿੱਸਾ ਲੈਣਾ ਚਾਹੁੰਦੇ ਹੋਣ, ਉਨ੍ਹਾਂ ਵਿਚੋਂ ਪਹਿਲਾਂ ਤਿੰਨ ਜਣੇ ਆਪੋ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਇਕ – ਦੂਜੇ ਦਾ ਹੱਥ ਫੜ ਕੇ ਹਵਾ ਵਿਚ ਉਛਾਲਦੇ ਹਨ ਤੇ ਆਪਣੇ ਹੱਥ ਪੁੱਠੇ ਸਿੱਧੇ ਰੱਖਦੇ ਹਨ ।
ਜੇਕਰ ਤਿੰਨਾਂ ਵਿਚੋਂ ਦੋ ਦੇ ਹੱਥ ਸਿੱਧੇ ਜਾਂ ਪੁੱਠੇ ਹੋਣ ਤੇ ਇਕ ਦੇ ਉਨ੍ਹਾਂ ਨਾਲੋਂ ਉਲਟੇ ਹੋਣ, ਤਾਂ ਉਹ ਪੁੱਗ ਜਾਂਦਾ ਹੈ । ਉਸਦੀ ਥਾਂ ਅਗਲਾ ਬੱਚਾ ਉਨ੍ਹਾਂ ਵਿਚ ਸ਼ਾਮਿਲ ਹੁੰਦਾ ਹੈ ਤੇ ਪੁੱਗਣ ਲਈ ਫਿਰ ਉਹ ਕਿਰਿਆ ਦੁਹਰਾਈ ਜਾਂਦੀ ਹੈ । ਇਸ ਤਰ੍ਹਾਂ ਅੰਤ ਵਿਚ ਜਿਹੜਾ ਪੁੱਗਣੋਂ ਰਹਿ ਜਾਵੇ, ਉਸਦੇ ਸਿਰ ਦਾਈ ਆ ਜਾਂਦੀ ਹੈ ।
ਪੰਜਾਬ ਦੀਆਂ ਵਿਰਾਸਤੀ ਖੇਡਾਂ
ਕਈ ਪੰਜਾਬ ਦੀਆਂ ਵਿਰਾਸਤੀ ਖੇਡਾਂ ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ ਹਨ, ਜਿਵੇਂ ਕਬੱਡੀ, ਰੱਸਾ – ਕਸ਼ੀ, ਸ਼ੱਕਰ – ਭਿੱਜੀ, ਲੂਣ – ਮਿਆਣੀ, ਕੂਕਾਂ – ਕਾਂਗੜੇ ਅਤੇ ਟਿਬਲਾ – ਟਿਬਲੀ ਆਦਿ । ਟੋਲੀਆਂ ਬਣਾਉਣ ਸਮੇਂ ‘ਆੜੀ ਮਲੱਕਣ’ ਦਾ ਨਿਯਮ ਅਪਣਾਇਆ ਜਾਂਦਾ ਹੈ । ਖੇਡ ਵਿਚ ਸ਼ਾਮਿਲ ਹੋਣ ਦੇ ਚਾਹਵਾਨ ਬੱਚੇ ਇਕ ਥਾਂ ਇਕੱਠੇ ਬੈਠ ਜਾਂਦੇ ਹਨ । ਉਨ੍ਹਾਂ ਵਿਚੋਂ ਦੋ ਜਣੇ ਇਕ-ਇਕ ਟੋਲੀ ਦੇ ਮੁਖੀ ਬਣ ਕੇ ਇਕ ਪਾਸੇ ਬੈਠ ਜਾਂਦੇ ਹਨ ।
ਬਾਕੀ ਬੱਚਿਆਂ ਵਿਚੋਂ ਦੋ ਜਣੇ ਇਕ ਪਾਸੇ ਜਾ ਕੇ ਆਪਣੇ ਫ਼ਰਜ਼ੀ ਨਾਂ ਰੱਖਦੇ ਹਨ । ਫਰਜ਼ ਕਰੋ, ਉਹ ਆਪਣੇ ਨਾ ‘ਸੋਨਾ’ ਅਤੇ ‘ਚਾਂਦੀ’ ਰੱਖਦੇ ਹਨ । ਫਿਰ ਉਹ ਗੱਲਵਕੜੀ ਪਾ ਕੇ ਟੋਲੀਆਂ ਦੇ ਮੁਖੀਆਂ ਕੋਲ ਆ ਕੇ ਪੁੱਛਦੇ ਹਨ- ਕੋਈ ਲੈ ਲਓ ਚਾਂਦੀ, ਕੋਈ ਲੈ ਲਓ ਸੋਨਾ । ਇਕ ਟੋਲੀ ਦਾ ਮੁਖੀ ਸੋਨਾ ਮੰਗਦਾ ਹੈ, ਤਾਂ ‘ਸੋਨਾ’ ਨਾਂ ਵਾਲਾ ਬੱਚਾ ਉਸਦੀ ਟੋਲੀ ਵਿਚ ਜਾ ਬੈਠਦਾ ਤੇ ‘ਚਾਂਦੀਂ’ ਦੂਜੇ ਦੀ ਟੋਲੀ ਵਿਚ । ਇਸ ਤਰ੍ਹਾਂ ਸਾਰੇ ਬੱਚੇ ਚੁਣੇ ਜਾਂਦੇ ਹਨ । ਪੁੱਗਣ ਤੇ ਆੜੀ ਅਲੱਕਣ ਸਮੇਂ ਬੱਚੇ ਬੜੇ ਠਹਿਰਾਓ ਨਾਲ ਗੀਤ ਗਾਉਂਦੇ ਹਨ-
ਉੱਕੜ - ਦੁੱਕੜ ਭੰਬਾ ਭੌ,
ਅੱਸੀ ਨੱਬੇ ਪੂਰਾ ਸੌ,
ਸਾਹਾ ਸਲੋਟਾ ਤਿੱਤਰ ਮੋਟਾ,
ਚਲ ਮਦਾਰੀ ਪੈਸਾ ਖੋਟਾ,
ਖੋਟੇ ਦੀ ਖਟਿਆਈ,
ਬੇਬੇ ਦੌੜੀ-ਦੌੜੀ ਆਈ ।
ਖੇਡਦੇ ਸਮੇਂ ਛੂਹੇ ਜਾਣ ਉੱਤੇ ਜੇਕਰ ਕੋਈ ਬੱਚਾ ਆਪਣੀ ਦਾਈ ਜਾਂ ਮੀਤੀ ਨਾ ਦੇਵੇ, ਤਾਂ ਹੱਥ ਉਸਦੇ ਸਿਰ ਉੱਤੇ ਭਾਰ ਚਾੜ੍ਹੇਗਾ । ਜੇਕਰ ਕੋਈ ਬੱਚਾ ਆਪਣੀ ਮਿਤੀ ਛੱਡ ਕੇ ਨੱਸ ਜਾਂਦਾ ਗਾਉਂਦੇ ਹੋਏ ਉਸਦੇ ਘਰ ਤੱਕ ਜਾਂਦੇ ਹਨ-
ਸਾਡੀ ਪਿੱਤ ਦੱਬਣਾ,
ਘਰ ਦੇ ਚੂਹੇ ਚੱਬਣਾ,
ਇਕ ਚੂਹਾ ਰਹਿ ਗਿਆ,
ਸਿਪਾਹੀ ਫੜ ਕੇ ਲੈ ਗਿਆ,
ਸਿਪਾਹੀ ਨੇ ਮਾਰੀ ਇੱਟ,
ਚਾਹ ਰੋ ਚਾਹੇ ਪਿੱਟ।
ਮਨੋਰੰਜਨ ਦਾ ਪ੍ਰਮੁੱਖ ਸਾਧਨ
ਪੰਜਾਬ ਦੀਆਂ ਲੋਕ-ਖੇਡਾਂ/ਪੰਜਾਬ ਦੀਆਂ ਵਿਰਾਸਤੀ ਖੇਡਾਂ ਆਦਿ-ਕਾਲ ਤੋਂ ਹੀ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਸਾਧਨ ਰਹੀਆਂ ਹਨ । ਇਹ ਹਰ ਪਿੰਡ ਦੇ ਜੀਵਨ ਦਾ ਵਿਸ਼ੇਸ਼ ਹਿੱਸਾ ਸਨ । ਇਹ ਆਥਣ ਵੇਲੇ ਪਿੰਡ ਦੀ ਜੂਹ ਵਿਚ ਖੇਡੀਆਂ ਜਾਂਦੀਆਂ ਸਨ । ਸਾਰੇ ਪਿੰਡ ਦੇ ਬੱਚੇ ਬਿਨਾ ਕਿਸੇ ਵਿਤਕਰੇ ਤੋਂ ਰਲ-ਮਿਲ ਕੇ ਖੇਡਦੇ ਤੇ ਇਨ੍ਹਾਂ ਦਾ ਆਨੰਦ ਮਾਣਦੇ ਸਨ ।
ਸਾਰਾ ਪਿੰਡ ਰਲ ਕੇ ਖਿਡਾਰੀਆਂ ਦੀਆਂ ਖੁਰਾਕਾਂ ਤੇ ਘਿਓ ਦੇ ਪੀਪਿਆ ਦਾ ਪ੍ਰਬੰਧ ਕਰਦਾ ਹੈ, ਮੇਲਿਆਂ ਵਿਚ ਕਿਸੇ ਦਾ ਪਹਿਲਵਾਨੀ ਵਿਚ ਪਿੰਡ ਦਾ ਨਾਂ ਚਮਕਾਉਣਾ, ਕਿਸੇ ਦਾ ਮੂੰਗਲੀਆਂ ਫੇਰਨਾ, ਬੋਰੀ ਚੁੱਕਣਾ, ਰੱਸਾਕਸ਼ੀ ਤੇ ਕੱਬਡੀ ਵਿਚ ਬਾਜ਼ੀ ਮਾਰਨਾ ਸਾਡੇ ਪਿੰਡ ਲਈ ਮਾਣ ਦੀ ਗੱਲ ਹੁੰਦੀ ਸੀ । ਸਮੁੱਚੇ ਪਿੰਡ ਦੀ ਸ਼ਾਨ ਲਈ ਰਲ – ਮਿਲ ਕੇ ਖੇਡਿਆ ਜਾਂਦਾ ਸੀ । ਖੇਡਾਂ ਦੇ ਆਹਰ ਵਿਚ ਲੱਗੇ ਨੌਜਵਾਨ ਘੱਟ ਹੀ ਕੁਰਾਹੇ ਪੈਂਦੇ ਸਨ ।
ਮੁੰਡੇ-ਕੁੜੀਆਂ ਬੁੱਢੀ ਮਾਈ, ਭੰਡਾ ਭੰਡਾਰੀਆ, ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਦਾਈਆਂ-ਦੂਹਕੜੇ, ਬਾਂਦਰ-ਕੀਲਾ, ਕਿਣ-ਮਿਣ ਕਾਣੀ ਕੌਣ ਕਿਣਿਆਂ, ਸਮੁੰਦਰ ਤੇ ਮੱਛੀ, ਲੱਕੜ-ਕਾਠ, ਅੰਨ੍ਹਾ ਝੋਟਾ, ਪੂਛ ਪੁਛ ਗੁੱਲੀ-ਡੰਡਾ, ਪਿੱਠੂ, ਪੀਚੋ ਬੱਕਰੀ, ਅੱਡੀ-ਛੜੱਪਾ, ਕੂਕਾਂ-ਕਾਂਗੜੇ, ਅਖ਼ਰੋਟ ਤੇ ਸ਼ਕਰ ਭਿੱਜੀ ਖੇਡਾਂ ਦਾ ਖੂਬ ਅਨੰਦ ਮਾਣਦੇ ਸਨ ।
ਕੁਸ਼ਤੀਆਂ
ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਰਹੀਆਂ ਹਨ ਤੇ ਪਿੰਡਾਂ ਵਿਚ ਹਰ ਵਰ੍ਹੇ ਛਿੰਝਾਂ ਪੈਂਦੀਆਂ ਅਤੇ ਮੇਲਿਆਂ ਵਿਚ ਕੁਸ਼ਤੀਆਂ ਦੇ ਦੰਗਲ ਹੁੰਦੇ ਸਨ, ਜਿਨ੍ਹਾਂ ਤੋਂ ਪੰਜਾਬੀ ਗੱਭਰੂਆਂ ਨੂੰ ਸਾਹਸ, ਸ਼ਕਤੀ ਤੇ ਉਤਸ਼ਾਹ ਪ੍ਰਾਪਤ ਹੁੰਦਾ ਸੀ । ਪੰਜਾਬ ਦੀ ਧਰਤੀ ਨੇ ਹੀ ਗਾਮਾ, ਗੂੰਗਾ, ਮਿਹਰਦੀਨ, ਕੇਸਰ ਸਿੰਘ ਤੇ ਦਾਰਾ ਸਿੰਘ ਵਰਗੇ ਜਗਤ ਪ੍ਰਸਿੱਧ ਪਹਿਲਵਾਨ ਪੈਦਾ ਕੀਤੇ ।
ਕਬੱਡੀ
ਕਬੱਡੀ ਪੰਜਾਬੀਆਂ ਦੀ ਕੌਮੀ ਖੇਡ ਹੈ, ਜਿਸ ਤੋਂ ਇਨ੍ਹਾਂ ਦੇ ਸੁਭਾ, ਮਰਦਊਪੁਣੇ ਤੇ ਬਲ ਦਾ ਪ੍ਰਗਟਾਵਾ ਹੁੰਦਾ ਹੈ । ਲੰਬੀ ਕੌਡੀ, ਗੂੰਗੀ ਕੌਡੀ ਤੇ ਸੌਂਚੀ ਪੱਕੀ ਕਬੱਡੀ ਦੀਆਂ ਹੋਰ ਹਰਮਨ ਪਿਆਰੀਆਂ ਕਿਸਮਾਂ ਹਨ । ਅੱਜ – ਕਲ੍ਹ ਇਨ੍ਹਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਪ੍ਰਚਲਿਤ ਹੈ । ਵਪਾਰ ਦੇ ਮੇਲੇ ਵਿਚ ਹੁੰਦੇ ਸੌਂਚੀ ਪੱਕੀ ਦੇ ਮੁਕਾਬਲੇ ਪ੍ਰਸਿੱਧ ਹਨ । ਇਹ ਖੇਡ ਬਾਕਸਿੰਗ ਨਾਲ ਮਿਲਦੀ – ਜੁਲਦੀ ਹੈ ।
ਖਿੱਦੋ-ਖੂੰਡੀ ਅਤੇ ਤੇ ਲੱਲ੍ਹੇ
ਖਿੱਦੋ-ਖੂੰਡੀ ਅਤੇ ਲੂਣ ਤੇ ਲੱਲ੍ਹੇ ਵੀ ਰੌਚਕ ਪੰਜਾਬ ਦੀਆਂ ਲੋਕ-ਖੇਡਾਂ/ਪੰਜਾਬ ਦੀਆਂ ਵਿਰਾਸਤੀ ਖੇਡਾਂ ਹਨ । ਇਹ (ਖ਼ਿਦੋਆ) ਅਤੇ ਕਿੱਕਰਾ ਬੇਰੀਆਂ ਦੇ ਖੂੰਡਿਆਂ ਨਾਲ ਖੇਡੀਆਂ ਜਾਂਦੀਆਂ ਹਨ । ਖਿੱਦੋ – ਖੂੰਡੀ ਦੀ ਥਾਂ ਹੁਣ ਹਾਕੀ ਨੇ ਲੈ ਲਈ ਹੈ ਅਤੇ ਲੂਣ ਤੇ ਲੱਲ੍ਹੇ ਕ੍ਰਿਕਟ ਵਿਚ ਜਾ ਸਮੋਏ ਹਨ । ਲੱਲ੍ਹਿਆਂ ਦੀ ਖੇਡ ਪਿੰਡੋਂ ਬਾਹਰ ਕਿਸੇ ਖੁੱਲ੍ਹੀ ਥਾਂ ਉੱਤੇ ਖੇਡੀ ਜਾਂਦੀ ਸੀ । ਇਸ ਵਿਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ । ਸਾਰੇ ਖਿਡਾਰੀ ਤਿੰਨ – ਤਿੰਨ, ਚਾਰ – ਚਾਰ ਮੀਟਰ ਦੇ ਫ਼ਾਸਲੇ ਉੱਤੇ ਤਿੰਨ ਚਾਰ ਇੰਚ ਲੰਮੇ, ਚੌੜੇ ਤੇ ਡੂੰਘੇ ਟੋਏ ਪੁੱਟਦੇ, ਜਿਨ੍ਹਾਂ ਨੂੰ ਲੱਲ੍ਹੇ ਕਿਹਾ ਜਾਂਦਾ ਹੈ ।
ਇਨ੍ਹਾਂ ਵਿਚ ਸਾਰੇ ਖਿਡਾਰੀ ਆਪਣੇ ਖੂੰਡਿਆਂ ਨੂੰ ਰੱਖ ਕੇ ਖੜ੍ਹੇ ਹੋ ਜਾਂਦੇ ।ਇਕ ਜਣਾਂ ਜ਼ੋਰ ਨਾਲ ਖਿਦੋ ਨੂੰ ਟੱਲਾ ਮਾਰਦਾ ਤੇ ਦਾਈ ਵਾਲਾ ਖਿਦੋ ਨੂੰ ਦੌੜ ਕੇ ਫੜਦਾ ਅਤੇ ਨੇੜੇ ਦੇ ਖਿਡਾਰੀ ਨੂੰ ਜ਼ੋਰ ਨਾਲ ਮਾਰਦਾ । ਜੇਕਰ ਖਿੱਦੋ ਖਿਡਾਰੀ ਨੂੰ ਲੱਗ ਜਾਂਦੀ, ਤਾਂ ਉਸਦੇ ਸਿਰ ਦਾਈ ਆ ਜਾਂਦੀ ਤੇ ਉਹ ਆਪਣਾ ਖੂੰਡਾ ਤੇ ਲੱਲ੍ਹਾ ਦਾਈ ਵਾਲੇ ਨੂੰ ਸੌਂਪ ਦਿੰਦਾ । ਖੇਡ ਨੂੰ ਮਘਾਈ ਰੱਖਣ ਲਈ ਖਿਡਾਰੀ ਆਪਣੇ ਲੱਲ੍ਹ ਛੱਡ ਕੇ ਖਿੱਦੋ ਮਗਰ ਦੌੜਦੇ । ਜੇਕਰ ਦਾਈ ਵਾਲਾ ਕਿਸੇ ਦੇ ਲੱਲ੍ਹੇ ਵਿਚ ਪੈਰ ਰੱਖ ਦਿੰਦਾ ਤਾਂ ਦਾਈ ਉਸਦੇ ਸਿਰ ਆ ਜਾਂਦੀ । ਹੁਣ ਇਹ ਅਲੋਪ ਹੋ ਚੁੱਕੀ ਹੈ ।
ਅੱਡੀ ਛੜੱਪਾ ਜਾਂ ਅੱਡੀ-ਟੱਪਾ
ਅੱਡੀ ਛੜੱਪਾ ਜਾਂ ਅੱਡੀ-ਟੱਪਾ ਕੁੜੀਆਂ ਦੀ ਖੇਡ ਹੈ, ਜਿਸਨੂੰ ਉਹ ਦੋ ਟੋਲੀਆਂ ਬਣਾ ਕੇ ਖੇਡਦੀਆਂ ਹਨ । ਹਰ ਟੋਲੀ ਵਿਚ ਚਾਰ ਪੰਜ ਕੁੜੀਆਂ ਹੁੰਦੀਆ ਹਨ । ਇਸ ਰਾਹੀਂ ਕੁੜੀਆਂ ਨੂੰ ਦੌੜਨ, ਉੱਚੀ ਛਾਲ ਮਾਰਨ ਤੇ ਸਰੀਰਕ ਤਾਕਤ ਨੂੰ ਜ਼ਬਤ ਵਿਚ ਰੱਖਣ ਦਾ ਅਭਿਆਸ ਪ੍ਰਾਪਤ ਹੁੰਦਾ ਹੈ ।
ਸ਼ੱਕਰ-ਭਿੱਜੀ
ਸ਼ੱਕਰ ਭਿੱਜੀ ਮੁੰਡਿਆਂ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ । ਇਹ ਚਾਰ – ਚਾਰ, ਪੰਜ – ਪੰਜ ਖਿਡਾਰੀਆਂ ਦੀਆਂ ਦੋ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ । ਜਿਸ ਟੋਲੀ ਸਿਰ ਦਾਈ ਹੋਵੇ, ਉਹ ਇਕ – ਦੂਜੇ ਦਾ ਲੱਕ ਫੜ ਕੇ ਕੁੱਬੇ ਹੋ ਕੇ ਖੜ੍ਹੇ ਹੋ ਜਾਂਦੇ ਹਨ । ਮੋਹਰਲੇ ਬੱਚੇ ਨੇ ਸਹਾਰੇ ਲਈ ਕੰਧ ਜਾਂ ਦਰੱਖ਼ਤ ਨੂੰ ਹੱਥ ਪਾਏ ਹੁੰਦੇ ਹਨ । ਕਈ ਵਾਰੀ ਉਹ ਆਪਣੇ ਗੋਡਿਆਂ ਉੱਤੇ ਵੀ ਹੱਥ ਰੱਖ ਲੈਂਦਾ ਹੈ । ਦੂਜੀ ਟੋਲੀ ਦਾ ਇਕ – ਇਕ ਖਿਡਾਰੀ ਵਾਰੀ – ਵਾਰੀ ਦੌੜਦਾ ਹੋਇਆ ਆਉਂਦਾ ਹੈ ਤੇ ਟਪੂਸੀ ਮਾਰ ਕੇ ਕਤਾਰ ਵਿਚ ਝੁਕੇ ਹੋਏ ਖਿਡਾਰੀਆਂ ਉੱਤੇ ਚੜ੍ਹ ਜਾਂਦਾ ਹੈ ।
ਇਸ ਪ੍ਰਕਾਰ ਸਾਰੇ ਖਿਡਾਰੀ ਇਕ ਲੰਮੀ ਘੋੜੀ ਉੱਤੇ ਚੜ੍ਹ ਜਾਂਦੇ ਹਨ ਤੇ ਉਹ ਇਕ – ਦੂਜੇ ਦਾ ਲੱਕ ਫੜ ਕੇ ਆਪਣੀਆਂ ਲੱਤਾ ਹੇਠਲੇ ਖਿਡਾਰੀਆਂ ਦੇ ਢਿੱਡਾ ਦੁਆਲੇ ਵਲ ਲੈਂਦੇ ਹਨ । ਹੇਠਲੇ ਖਿਡਾਰੀ ਝੁਕ – ਝੁਕ ਕੇ ਤੇ ਹਿਲ – ਜੁਲ ਕੇ ਉੱਪਰਲੇ ਖਿਡਾਰੀਆਂ ਦੇ ਪੈਰ ਧਰਤੀ ਉੱਤੇ ਲਾਉਣ ਦਾ ਯਤਨ ਹਨ ਤੇ ਜਦੋਂ ਕਿਸੇ ਦਾ ਪੈਰ ਧਰਤੀ ਨੂੰ ਛੋਹ ਜਾਵੇ, ਤਾਂ ਸਾਰੀ ਟੋਲੀ ਦੀ ਵਾਰੀ ਕੱਟੀ ਜਾਂਦੀ ਹੈ ।
ਜੇਕਰ ਕਿਸੇ ਦਾ ਪੈਰ ਕਰਦੇ ਵੀ ਹੇਠਾਂ ਨਾ ਲੱਗੇ, ਤੇ ਹੇਠਲੀ ਟੋਲੀ ਥੱਕ ਜਾਵੇ ਤਾਂ ਉੱਪਰਲੀ ਟੋਲੀ ਦੇ ਖਿਡਾਰੀ ਪੁੱਛਦੇ ਹਨ, “ਸ਼ੱਕਰ ਭਿੱਜੀ ਕਿ ਨਾਂਹ।” ਜੇਕਰ ਹੇਠਲੀ ਟੋਲੀ’ ‘(ਹਾਂ) ਕਹਿ ਦੇਵੇ ਤਾਂ ਉਨ੍ਹਾਂ ਦੀ ਵਾਰੀ ਖ਼ਤਮ ਹੋ ਜਾਂਦੀ ਹੈ ਤੇ ਉੱਪਰਲੇ ਖਿਡਾਰੀ ਹੇਠਾਂ ਉੱਤਰ ਕੇ ਇਕ ਦੂਜੇ ਦਾ ਲੱਕ ਫੜ ਕੇ ਘੋੜੀ ਬਣ ਜਾਂਦੇ ਹਨ ਅਤੇ ਹੇਠਲੇ ਪਹਿਲੀ ਰੀਤੀ ਅਨੁਸਾਰ ਹੀ ਉਨ੍ਹਾਂ ਦੀ ਸਵਾਰੀ ਕਰਦੇ ਹਨ ਤੇ ਇਸ ਤਰ੍ਹਾਂ ਇਹ ਖੇਡ ਜਾਰੀ ਰਹਿੰਦੀ ਹੈ ।
ਡੰਡ-ਪਲਾਂਗੜਾ
ਡੰਡ-ਪਲਾਂਗੜਾ, ਪੀਲ-ਪਲੀਘਣ ਜਾ ਡੰਡਾ – ਡੁੱਕ ਗਰਮੀਆਂ ਵਿਚ ਪਿੱਪਲਾਂ, ਬੋਹੜਾਂ ਅਤੇ ਟਾਹਣੀਆਂ ਦੇ ਰੁੱਖਾਂ ਹੇਠ ਖੇਡੀ ਜਾਂਦੀ ਹੈ । ਪੁੱਗ ਕੇ ਦਾਈ ਬਣਿਆ ਖਿਡਾਰੀ ਦਾਈ ਦਿੰਦਾ ਹੈ । ਬਾਕੀ ਸਾਰੇ ਰੁੱਖ ਉੱਤੇ ਚੜ੍ਹ ਜਾਂਦੇ ਹਨ । ਰੁੱਖ ਹੇਠ ਇਕ ਦਾਇਰੇ ਵਿਚ ਦੋ ਕੁ ਫੁੱਟ ਦਾ ਇਕ ਡੰਡਾ ਰੱਖਿਆ ਜਾਂਦਾ ਹੈ । ਰੁੱਖ ਤੋਂ ਹੇਠਾਂ ਉੱਤਰ ਕੇ ਇਕ ਖਿਡਾਰੀ ਦਾਇਰੇ ਵਿਚੋਂ ਡੰਡਾ ਚੁੱਕ ਕੇ ਆਪਣੀ ਲੱਤ ਹੇਠੋਂ ਘੁੰਮਾਉਂਦਾ ਹੋਇਆ ਦੂਰ ਸੁੱਟ ਕੇ ਮੁੜ ਰੁੱਖ ਉੱਤੇ ਚੜ੍ਹ ਜਾਂਦਾ ਹੈ ।
ਦਾਈ ਵਾਲਾ ਦੌੜ ਕੇ ਡੰਡੇ ਨੂੰ ਚੁੱਕ ਕੇ ਮੁੜ ਦਾਇਰੇ ਵਿਚ ਰੱਖ ਦਿੰਦਾ ਹੈ ਤੇ ਬਾਕੀ ਖਿਡਾਰੀਆਂ ਨੂੰ ਛੂਹਣ ਲਈ ਰੁੱਖ ਉੱਤੇ ਚੜ੍ਹਦਾ ਹੈ ਦੂਜੇ ਖਿਡਾਰੀ ਟਹਿਣੀਆ ਨਾਲ ਲਮਕ ਕੇ ਹੇਠਾਂ ਛਾਲਾਂ ਮਾਰਦੇ ਹਨ ਤੇ ਡੰਡੇ ਨੂੰ ਚੁੱਕ ਕੇ ਚੁੰਮਦੇ ਹਨ । ਜਿਸ ਖਿਡਾਰੀ ਨੂੰ | ਦਾਈ ਵਾਲਾ ਡੰਡਾ ਚੁੰਮਣ ਤੋਂ ਪਹਿਲਾਂ ਹੱਥ ਲਾ ਦੇਵੇ ਦਾਈ ਉਸ ਦੇ ਸਿਰ ਆ ਜਾਂਦੀ ਹੈ । ਇਸ ਤਰ੍ਹਾਂ ਖੇਡ ਅੱਗੇ ਚਲਦੀ ਰਹਿੰਦੀ ਹੈ ।
ਬਾਂਦਰ ਕੀਲਾ
ਬਾਂਦਰ ਕੀਲਾ ਖੇਡ ਆਮ ਕਰਕੇ ਸਰਦੀਆਂ ਦੀ ਰੁੱਤ ਵਿਚ ਖੇਡੀ ਜਾਂਦੀ ਹੈ । ਇਹ ਖੇਡ ਮੁੰਡੇ ਕੁੜੀਆਂ ਰਲ ਕੇ ਖੇਡਦੇ ਹਨ । ਇਸ ਵਿਚ ਖਿਡਾਰੀਆਂ ਦੀ ਗਿਣਤੀ ਨਿਸਚਿਤ ਨਹੀਂ ਹੁੰਦੀ । ਮੈਦਾਨ ਵਿਚ ਇਕ ਕੀਲਾ ਗੱਡ ਕੇ ਉਸ ਨਾਲ ਤਿੰਨ – ਚਾਰ ਮੀਟਰ ਲੰਮੀ ਰੱਸੀ ਬੰਨ੍ਹੀ ਜਾਂਦੀ ਹੈ । ਕੀਲੇ ਦੁਆਲੇ ਖਿਡਾਰੀ ਆਪਣੀਆਂ ਜੁੱਤੀਆਂ ਦਾ ਢੇਰ ਲਾ ਦਿੰਦੇ ਹਨ । ਦਾਈ ਵਾਲਾ ਰੱਸੀ ਨੂੰ ਫੜ ਕੇ ਕੀਲੇ ਦੁਆਲੇ ਬਾਂਦਰ ਵਾਂਗ ਟਪੂਸੀਆਂ ਮਾਰਦਾ ਹੋਇਆ ਘੁੰਮਦਾ ਹੈ ਤੇ ਜੁੱਤੀਆਂ ਦੀ ਰਾਖੀ ਕਰਦਾ ਹੈ ।
ਖਿਡਾਰੀ ਚਹੁੰਆਂ ਪਾਸਿਆਂ ਤੋਂ ਜੁੱਤੀਆਂ ਚੁੱਕਣ ਦਾ ਯਤਨ ਕਰਦੇ ਹਨ ਤੇ ਦਾਈ ਵਾਲਾ ਉਨ੍ਹਾਂ ਨੂੰ ਹੱਥਾਂ – ਪੈਰਾਂ ਨਾਲ ਛੂੰਹਦਾ ਹੈ । ਜਿਸਨੂੰ ਉਹ ਛੂਹ ਲਵੇ, ਦਾਈ ਉਸਰੇ ਸਿਰ ਆ ਜਾਂਦੀ ਹੈ । ਜੇਕਰ ਉਹ ਨਾ ਛੂਹ ਸਕੇ, ਤਾਂ ਸਾਰੀਆਂ ਜੁੱਤੀਆਂ | ਚੁੱਕੇ ਜਾਣ ਮਗਰੋਂ ਉਹ ਕੀਲੇ ਵਾਲੀ ਥਾਂ ਤੋਂ ਪੰਝੀ ਤੀਹ ਮੀਟਰ ਦੂਰ ਜਾ ਕੇ ਖੜ੍ਹਾ ਹੋ ਜਾਂਦਾ ਹੈ । ਬਾਕੀ ਖਿਡਾਰੀ ਆਪਣੀਆ ਜੁੱਤੀਆਂ ਚੁੱਕ ਕੇ ਕੀਲੇ ਦੇ ਕੋਲ ਹੀ ਲਾਈਨ ਬਣਾ ਕੇ ਖੜ੍ਹੇ ਹੋ ਜਾਂਦੇ ਹਨ । ਦਾਈ ਵਾਲਾ ਇਨ੍ਹਾਂ ਵਲ ਚੰਮ ਦੀਆਂ ਰੋਟੀਆਂ, ਚਿੱਚੜਾ ਦੀ ਦਾਲ, ਖਾ ਲਓ, ਮੁੰਡਿਓ ਸੁਆਦਾਂ ਨਾਲ ‘ਕਹਿੰਦਾ ਹੋਇਆ ਸੂਟ ਵੱਟ ਕੇ ਇਨ੍ਹਾਂ ਵਲ ਦੌੜਦਾ ਹੈ ।
ਦੂਜੇ ਖਿਡਾਰੀ ਉਸ ਉੱਤੇ ਟੁੱਟ ਕੇ ਪੈ ਜਾਂਦੇ ਹਨ ਤੇ ਉਸ ਉੱਤੇ ਜੁੱਤੀਆਂ ਦੀ ਵਰਖ਼ਾ ਕਰਦੇ ਹਨ । ਜਦੋਂ ਤੱਕ ਦਾਈ ਵਾਲਾ ਕੀਲੇ ਕੋਲ ਪਹੁੰਚ ਕੇ ਮੁੜ ਰੱਸੀ ਨਹੀਂ ਫੜ ਲੈਂਦਾ ਤਦੋਂ ਤਕ ਉਸ ਦੇ ਸਿਰ ਉੱਤੇ ਜੁੱਤੀਆ ਵਰ੍ਹਦੀਆਂ ਰਹਿੰਦੀਆਂ ਹਨ । ਬੱਚੇ ਫਿਰ ਜੁੱਤੀਆਂ ਕੀਲੇ ਕੋਲ ਰੱਖ ਦਿੰਦੇ ਹਨ । ਜਦ ਤਕ ਉਹ ਕਿਸੇ ਨੂੰ ਛੂਹ ਨਾ ਲਵੇ, ਦਾਈ ਉਸੇ ਸਿਰ ਹੀ ਰਹਿੰਦੀ ਹੈ ।
ਇਸੇ ਤਰ੍ਹਾਂ ਗੁੱਲੀ – ਡੰਡਾ, ਲੂਣ ਮਿਆਣੀ, ਕੂਕਾ-ਕਾਂਗੜੇ ਤੇ ਟਿਬਲਾ-ਟਿਬਲੀ ਮੁੰਡਿਆਂ ਦੀਆਂ ਰੌਚਕ ਖੇਡਾਂ ਹਨ । ਬਾਰਾ-ਠੀਕਰੀ, ਬਾਰਾ ਟਾਹਣੀ, ਸ਼ਤਰੰਜ, ਚੌਪੜ, ਤਾਸ਼, ਬੋੜ ਖੂਹ ਤੇ ਖੱਡਾ ਆਦਿ ਵਡੇਰਿਆਂ ਦੀਆਂ ਬੈਠ ਕੇ ਖੇਡਣ ਵਾਲੀਆਂ ਪੰਜਾਬ ਦੀਆਂ ਲੋਕ-ਖੇਡਾਂ/ਪੰਜਾਬ ਦੀਆਂ ਵਿਰਾਸਤੀ ਖੇਡਾਂ ਹਨ ।
ਪੰਜਾਬ ਦੀਆਂ ਵਿਰਾਸਤੀ ਖੇਡਾਂ/ਪੰਜਾਬ ਦੀਆਂ ਲੋਕ-ਖੇਡਾਂ ਦਾ ਅਲੋਪ ਹੋਣਾ
ਅੱਜ ਇਹ ਖੇਡਾਂ ਸਾਡੇ ਪੰਜਾਬ ਦੀਆਂ ਲੋਕ-ਖੇਡਾਂ ਲੋਕ ਜੀਵਨ ਵਿਚੋਂ ਅਲੋਪ ਹੋ ਰਹੀਆਂ ਹਨ । ਅੱਜ ਨਾ ਪਿੰਡਾਂ ਵਿਚ ਖੇਡਣ ਲਈ ਜੂਹਾਂ ਹਨ ਤੇ ਨਾ ਕਿਸੇ ਕੋਲ ਵਿਹਲ । ਇਹ ਪੰਜਾਬ ਦੀਆਂ ਵਿਰਾਸਤੀ ਖੇਡਾਂ/ਪੰਜਾਬ ਦੀਆਂ ਲੋਕ-ਖੇਡਾਂ ਸਾਡਾ ਗੌਰਵ ਮਈ ਵਿਰਸਾ ਹਨ । ਇਨ੍ਹਾਂ ਦੀ ਸੰਭਾਲ ਤੇ ਸੁਰਜੀਤੀ ਬਹੁਤ ਜ਼ਰੂਰੀ ਹੈ । ਇਹ ਸਾਨੂੰ ਆਪਣੀ ਸ਼ਕਤੀਸ਼ਾਲੀ ਵਿਰਾਸਤ ਨਾਲ ਜੋੜਦੀਆਂ ਹਨ ।
ਅਲੋਪ ਹੋ ਰਹੀਆਂ ਪੰਜਾਬੀ ਖੇਡਾਂ
ਬੁੱਢੀ ਮਾਈ, ਭੰਡਾ ਭੰਡਾਰੀਆ, ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਦਾਈਆਂ-ਦੂਹਕੜੇ, ਬਾਂਦਰ-ਕੀਲਾ, ਕਿਣ-ਮਿਣ ਕਾਣੀ ਕੌਣ ਕਿਣਿਆਂ, ਸਮੁੰਦਰ ਤੇ ਮੱਛੀ, ਲੱਕੜ-ਕਾਠ, ਅੰਨ੍ਹਾ ਝੋਟਾ, ਪੂਛ ਪੁਛ ਗੁੱਲੀ-ਡੰਡਾ, ਪਿੱਠੂ, ਪੀਚੋ ਬੱਕਰੀ, ਅੱਡੀ-ਛੜੱਪਾ, ਕੂਕਾਂ-ਕਾਂਗੜੇ, ਅਖ਼ਰੋਟ ਤੇ ਸ਼ੱਕਰ-ਭਿੱਜੀ, ਖਿੱਦੋ-ਖੂੰਡੀ ਅਤੇ ਤੇ ਲੱਲ੍ਹੇ, ਕੁਸ਼ਤੀ, ਡੰਡ-ਪਲਾਂਗੜਾ, ਬਾਂਦਰ ਕੀਲਾ ਆਦਿ ਪੰਜਾਬ ਦੀਆਂ ਲੋਕ-ਖੇਡਾਂ/ਪੰਜਾਬ ਦੀਆਂ ਵਿਰਾਸਤੀ ਖੇਡਾਂ ਅਲੋਪ ਹੋ ਰਹੀਆਂ ਹਨ। ਅੱਜ ਸਾਡੇ ਪੰਜਾਬ ਦੀਆਂ ਲੋਕ-ਖੇਡਾਂ ਲੋਕ ਜੀਵਨ ਵਿਚੋਂ ਅਲੋਪ ਹੋ ਰਹੀਆਂ ਹਨ । ਇਹ ਪੰਜਾਬ ਨੂੰ ਨਸ਼ਾ ਮੁਕਤ ਜੀਵਨ ਜੀਊਣ ਦੀ ਪ੍ਰੇਰਣਾ ਦਿੰਦੀਆਂ ਹਨ।
FAQ
ਪ੍ਰਸ਼ਨ – ਪੰਜਾਬ ਦੀਆਂ ਵਿਰਾਸਤੀ ਖੇਡਾਂ ਕਿਹੜੀਆਂ ਹਨ?
ਉੱਤਰ – ਕਬੱਡੀ, ਰੱਸਾ-ਕਸ਼ੀ, ਸ਼ੱਕਰ-ਭਿੱਜੀ, ਖਿੱਦੋ-ਖੂੰਡੀ ਅਤੇ ਤੇ ਲੱਲ੍ਹੇ, ਕੁਸ਼ਤੀ, ਡੰਡ-ਪਲਾਂਗੜਾ, ਬਾਂਦਰ ਕੀਲਾ ਆਦਿ।
ਪ੍ਰਸ਼ਨ – ਪੰਜਾਬ ਦੀਆਂ ਲੋਕ ਖੇਡਾਂ ਪਾਠ ਦੇ ਲੇਖਕ ਦਾ ਨਾਮ ਦੱਸੋ।
ਉੱਤਰ – ਸੁਖਦੇਵ ਮਾਦਪੁਰੀ।