ਚੇਤੁ ਬਸੰਤੁ ਭਲਾ-ਗੁਰੂ ਨਾਨਕ ਦੇਵ ਜੀ (chet basant bhala by Guru Nanak Dev Ji)
ਚੇਤੁ ਬਸੰਤੁ ਭਲਾਭਵਰ ਸੁਹਾਵੜਏ। ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੇ । ਪਿਰੁ ਘਰਿ ਨਹੀਂ ਆਵੈ ਧਨ ਕਿਉ ਸੁਖ ਪਾਵੈ ॥ ਬਿਰਹਿ ਬਿਰੋਧ ਤਨੁ ਛੀਜੈ ਕੋਕਿਲ ਅੰਬਿ । ਸੁਹਾਵੀ ਬੋਲੇ ਕਿਉ ਦੁਖੁ ਅੰਕਿ ਸਹੀਜੈ ॥ ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾ ਮਰੁ ਮਾਏ । ਨਾਨਕ ਚੇਤਿ ਸਹਜਿ ਸੁਖ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ।।
ਭਵਰ – ਭੌਰੇ । ਸੁਹਾਵੜੇ – ਸੁੰਦਰ । ਮੰਝ – ਵਿਚ । ਬਾਰਿ – ਬਾਰ ਦਾ ਇਲਾਕਾ । ਪਿਰੂ – ਪਤੀ । ਧਨ – ਇਸਤਰੀ । ਬਿਰਹਿ ਬਿਰੋਧ – ਖਿਚਾ – ਖਿਚੀ । ਛੀਜੈ – ਤੋੜਦਾ ਹੈ । ਅੰਕਿ — ਹਿਰਦਾ , ਅੰਗ । ਭਵੰਤਾ – ਘੁੰਮਦਾ ਹੈ ।(ਚੇਤੁ ਬਸੰਤੁ ਭਲਾ)
ਵਿਆਖਿਆ – ਚੇਤ ਦੇ ਮਹੀਨੇ ਵਿਚ ਚਾਰੇ ਪਾਸੇ ਖਿੜੀ ਹੋਈ ਬਸੰਤ ਰੁੱਤ ਬੜੀ ਸੁੰਦਰ ਦਿਖਾਈ ਦਿੰਦੀ ਹੈ ਤੇ ਆਲੇ – ਦੁਆਲੇ ਖਿੜੇ ਸੋਹਣੇ ਫੁੱਲਾਂ ਦੁਆਲੇ ਘੁੰਮ ਰਹੇ ਭੋਰੇ ਬੜੇ ਸੁੰਦਰ ਲਗਦੇ ਹਨ । ਬਾਰ ਦੇ ਇਲਾਕੇ ਵਿਚ ਜਿਸ ਤਰ੍ਹਾਂ ਜੰਗਲ ਦੇ ਰੁੱਖਾਂ ਦੇ ਨਵੀਆਂ ਪੱਤਿਆਂ ਤੇ ਫੁੱਲਾਂ ਨਾਲ ਭਰ ਜਾਣ ਦੇ ਨਾਲ ਬਸੰਤ ਰੁੱਤ ਦੇ ਆਉਣ ਦਾ ਪਤਾ ਲਗਦਾ ਹੈ , ਇਸੇ ਪ੍ਰਕਾਰ ਹੀ ਜੇਕਰ ਮੇਰਾ ਪਿਆਰਾ ਪ੍ਰਭੂ ਮੇਰੇ ਹਿਰਦੇ – ਘਰ ਵਿਚ ਆ ਜਾਵੇ , ਤਾਂ ਮੇਰੇ ਹਿਰਦੇ ਦਾ ਕੋਲ – ਫੁੱਲ ਵੀ ਖਿੜ ਜਾਵੇ ।
ਜਦ ਤਕ ਪਿਆਰਾ ਪ੍ਰਭੂ ਹਿਰਦੇ – ਘਰ ਵਿਚ ਨਹੀਂ ਵਸਦਾ , ਤਦ ਤਕ ਜੀਵ ਰੂਪ ਇਸਤਰੀ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ । ਪ੍ਰਭੂ – ਪਤੀ ਦੇ ਵਿਛੋੜੇ ਕਾਰਨ ਉਸ ਦਾ ਸਰੀਰ ਵਿਕਾਰਾਂ ਦੇ ਹਮਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ । ਚੇਤ ਦੇ ਮਹੀਨੇ ਵਿਚ ਕੋਇਲ ਅੰਬਾਂ ਉੱਪਰ ਬੈਠ ਕੇ ਮਿੱਠੇ ਬੋਲ ਬੋਲਦੀ ਹੈ ਪਰ ਵਿਯੋਗਣ ਨੂੰ ਇਹ ਮਿੱਠੇ ਬੋਲ ਚੰਗੇ ਨਹੀਂ ਲਗਦੇ , ਸਗੋਂ ਦੁਖਦਾਈ ਲਗਦੇ ਹਨ ਤੇ ਉਸ ਪਾਸੋਂ ਵਿਛੋੜੇ ਦਾ ਦੁੱਖ ਸਹਾਰਿਆ ਨਹੀਂ ਜਾਂਦਾ । ਉਹ ਇਸ ਅਵਸਥਾ ਨੂੰ ਦੇਖ ਕੇ ਕੁਰਲਾ ਉੱਠਦੀ ਹੈ ।
ਉਸ ਦਾ ਮਨ – ਭੌਰਾ ਅੰਦਰ ਖਿੜੇ ਹੋਏ ਹਿਰਦੇ – ਕਮਲ ਨੂੰ ਛੱਡ ਕੇ ਦੁਨੀਆ ਦੇ ਰੰਗਾਂ – ਤਮਾਸ਼ਿਆਂ ਰੂਪੀ ਫੁੱਲਾਂ ਦੀਆਂ ਡਾਲੀਆਂ ਉੱਪਰ ਭਟਕਦਾ ਫਿਰਦਾ ਹੈ । ਇਹ ਆਤਮਿਕ ਜੀਵਨ ਨਹੀਂ , ਸਗੋਂ ਆਤਮਿਕ ਮੌਤ ਹੈ । ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ ਕਿ ਜੀਵ – ਇਸਤਰੀ ਨੂੰ ਚੇਤ ਦੇ ਮਹੀਨੇ ਸਹਿਜ – ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ , ਜੇ ਉਹ ਪ੍ਰਭੂ – ਪਤੀ ਨੂੰ ਆਪਣੇ ਹਿਰਦੇ ਘਰ ਵਿਚ ਲੱਭ ਲਏ ।(ਚੇਤੁ ਬਸੰਤੁ ਭਲਾ)
ਵੈਸਾਖ ਭਲਾ ਸਾਖਾ ਵੇ ਸ ਕਰੋ । ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ । ਘਰ ਆਉ ਪਿਆਰੇ ਦੂਤਰ ਤਾਰੇ ਤੁਧ ਬਿਨੁ ਅਢੁ ਨ ਮੋਲੋ । ਕੀਮਤਿ ਕਉਣ ਕਰੇ ਤੁਧੁ ਭਾਵਾ ਦੇਖਿ ਵਿਖਾਵੈ ਢੋਲੋ । ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥ ਨਾਨਕ ਵੈਸਾਖੀ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ।
ਸਾਖਾ – ਟਹਿਣੀਆਂ । ਦੂਤਰ – ਨਾ ਤਰ ਸਕਣ ਵਾਲੇ । ਅਢੁ – ਅੱਧੀ ਕੌਡੀ । ਮੋਲੋ – ਮੁੱਲ । ਢੋਲੋ – ਪਿਆਰਾ ।(ਚੇਤੁ ਬਸੰਤੁ ਭਲਾ)
ਵਿਆਖਿਆ – ਵਿਸਾਖ ਦਾ ਸੁੰਦਰ ਮਹੀਨਾ ਆ ਗਿਆ ਹੈ ਅਤੇ ਰੁੱਖਾਂ ਤੇ ਬੂਟਿਆਂ ਦੀਆਂ ਟਹਿਣੀਆਂ ਸੱਜ – ਵਿਆਹੀਆਂ ਵਾਂਗ ਕੂਲੇ – ਕੂਲੇ ਪੱਤਰਾਂ ਦਾ ਹਾਰ – ਸ਼ਿੰਗਾਰ ਕਰਦੀਆਂ ਹਨ । ਟਹਿਣੀਆਂ ਦਾ ਹਾਰ – ਸ਼ਿੰਗਾਰ ਦੇਖ ਕੇ ਵਿਛੜੀ ਨਾਰ ਦੇ ਅੰਦਰ ਵੀ ਪਤੀ ਨੂੰ ਮਿਲਣ ਦੀ ਧੂਹ ਪੈਂਦੀ ਹੈ ਤੇ ਉਹ ਆਪਣੇ ਘਰ ਦੇ ਬੂਹੇ ਵਿਚ ਖਲੋਤੀ ਪਤੀ ਦਾ ਰਾਹ ਤੱਕਦੀ ਹੈ । ਇਸ ਤਰ੍ਹਾਂ ਕੁਦਰਤ ਰਾਣੀ ਦਾ ਹਾਰ – ਸ਼ਿੰਗਾਰ ਦੇਖ ਕੇ ਜੀਵ – ਇਸਤਰੀ ਆਪਣੇ ਹਿਰਦੇ ਦੇ ਦਰ ਤੇ ਪ੍ਰਭੂ ਦੀ ਉਡੀਕ ਕਰਦੀ ਹੈ ਤੇ ਆਖਦੀ ਹੈ ਕਿ ਹੇ ਪ੍ਰਭੂ – ਪਤੀ ਜੀਓ , ਮਿਹਰ ਕਰ ਕੇ ਮੇਰੇ ਹਿਰਦੇ – ਘਰ ਵਿਚ ਆਓ ਅਤੇ ਮੈਨੂੰ ਇਸ ਬਿਖਮ ਸੰਸਾਰ ਸਾਗਰ ਵਿਚੋਂ ਪਾਰ ਲੰਘਾਓ ।
ਤੇਰੇ ਬਗ਼ੈਰ ਮੇਰੀ ਕੀਮਤ ਅੱਧੀ ਕੌਡੀ ਵੀ ਨਹੀਂ । ਹੇ ਸਾਜਨ – ਪ੍ਰਭੂ ! ਜੇ ਸੱਚਾ ਗੁਰੂ ਤੇਰਾ ਦਰਸ਼ਨ ਕਰ ਕੇ ਮੈਨੂੰ ਵੀ ਤੇਰਾ ਦਰਸ਼ਨ ਕਰਾ ਦੇਵੇ ਅਤੇ ਜੇ ਮੈਂ ਤੈਨੂੰ ਚੰਗੀ ਲੱਗ ਜਾਵਾਂ , ਤਾਂ ਮੇਰਾ ਕੋਈ ਵੀ ਮੁੱਲ ਨਹੀਂ ਪਾ ਸਕਦਾ । ਫਿਰ ਮੈਂ ਬਹੁਮੁੱਲੀ ਹੋ ਜਾਂਦੀ ਹਾਂ । ਫਿਰ ਤੂੰ ਮੈਨੂੰ ਕਿਤੇ ਦੂਰ ਨਹੀਂ ਜਾਪੇਂਗਾ । ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਅੰਦਰ ਹੀ ਵਸਦਾ ਹੈਂ । ਮੈਨੂੰ ਉਸ ਟਿਕਾਣੇ ਦੀ ਸੋਝੀ ਹੋ ਜਾਵੇਗੀ , ਜਿੱਥੇ ਤੂੰ ਵਸਦਾ ਹੈਂ ।
ਗੁਰੂ ਜੀ ਫ਼ਰਮਾਉਂਦੇ ਹਨ ਕਿ ਵਿਸਾਖ ਦੇ ਮਹੀਨੇ ਵਿਚ ਕੁਦਰਤ ਰਾਣੀ ਦਾ ਸੁਹਜ – ਸ਼ਿੰਗਾਰ ਦੇਖ ਕੇ ਉਹ ਜੀਵ – ਇਸਤਰੀ ਪ੍ਰਭੂ – ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ , ਜਿਸ ਦੀ ਸੁਰਤ ਗੁਰੂ ਦੇ ਸ਼ਬਦ ਵਿਚ ਜੁੜੀ ਰਹਿੰਦੀ ਹੈ , ਜਿਸ ਦਾ ਮਨ ਸਿਫ਼ਤ – ਸਾਲਾਹ ਵਿਚ ਹੀ ਰਿਝ ਜਾਂਦਾ ਹੈ । ਭਾਵ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤ – ਸਾਲਾਹ ਵਿਚ ਗਿੱਝ ਜਾਂਦਾ ਹੈ , ਉਸ ਨੂੰ ਕੁਦਰਤ ਦੀ ਸੁੰਦਰਤਾ ਵੀ ਪ੍ਰਭੂ ਦੇ ਚਰਨਾਂ ਵਿਚ ਜੋੜਨ ਵਿਚ ਸਹਾਇਤਾ ਕਰਦੀ ਹੈ ।(ਚੇਤੁ ਬਸੰਤੁ ਭਲਾ)